ਲੁਧਿਆਣਾ : ਰੰਜਿਸ਼ ਕਾਰਨ 17 ਸਾਲਾ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ''ਤਾ

04/08/2018 6:38:23 AM

ਲੁਧਿਆਣਾ(ਅਨਿਲ)-ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਸਜਾਦਵਾਲ 'ਚ ਪੁਰਾਣੀ ਰੰਜਿਸ਼ ਦੇ ਕਾਰਨ ਇਕ 17 ਸਾਲਾ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਸਮਾਚਾਰ ਹੈ। ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 7 ਵਜੇ ਦੇ ਲਗਭਗ ਉਸਦੇ ਦੋਵੇਂ ਬੇਟੇ ਅਮ੍ਰਿਤਪਾਲ (17) ਅਤੇ ਮਨਮੋਹਨ ਸਿੰਘ (20) ਅਤੇ ਲੜਕੀਆਂ ਹਰਮਨ ਕੌਰ ਅਤੇ ਮਨਦੀਪ ਕੌਰ ਘਰ 'ਚ ਮੌਜੂਦ ਸਨ। ਇਸ ਦੌਰਾਨ ਪਿੰਡ ਦੇ ਹੀ ਸੁਰਜੀਤ ਸਿੰਘ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਆ ਧਮਕੇ, ਜਿਨ੍ਹਾਂ ਦੇ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਪ੍ਰੀਤਮ ਸਿੰਘ ਨੇ ਦੱਸਿਆ ਕਿ ਉਕਤ ਪੰਜਾਂ ਵਿਅਕਤੀਆਂ ਨੇ ਘਰ 'ਚ ਦਾਖਲ ਹੁੰਦੇ ਹੋਏ ਉਸਦੇ ਬੇਟਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸਦੇ ਬਾਅਦ ਹਮਲਾਵਰ ਉਸਦੇ ਬੇਟੇ ਅਮ੍ਰਿਤਪਾਲ ਨੂੰ ਘਰੋਂ ਘਸੀਟ ਕੇ ਬਾਹਰ ਲੈ ਗਏ ਅਤੇ ਲਾਠੀਆਂ ਨਾਲ ਕੁੱਟਣਾ ਸ਼ੁਰੂ ਕੀਤਾ। ਲੜਕੀਆਂ ਦੇ ਰੌਲਾ ਪਾਉਣ ਦੇ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਅਮ੍ਰਿਤਪਾਲ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਸਿਰ 'ਤੇ ਡੂੰਘੀ ਸੱਟ ਲੱਗਣ ਦੇ ਕਾਰਨ ਉਸਦੀ ਮੌਤ ਹੋ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਇੰਚਾਰਜ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੀ ਦੂਜੇ ਪੱਖ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਕਾਰਨ ਦੂਜੇ ਪੱਖ ਦੇ ਲੋਕਾਂ ਨੂੰ ਅਦਾਲਤ ਤੋਂ 2 ਸਾਲ ਦੀ ਸਜ਼ਾ ਹੋ ਚੁੱਕੀ ਹੈ। ਇਸੇ ਰੰਜਿਸ਼ ਦੇ ਕਾਰਨ ਉਨ੍ਹਾਂ ਨੇ ਉਕਤ ਪਰਿਵਾਰ 'ਤੇ ਹਮਲਾ ਕੀਤਾ। ਪੁਲਸ ਨੇ ਬਲਵਿੰਦਰ ਸਿੰਘ, ਦਵਿੰਦਰ ਸਿੰਘ, ਸਮਸ਼ੇਰ ਸਿੰਘ ਅਤੇ ਸੁਰਜੀਤ ਸਿੰਘ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। 
10ਵੀਂ ਕਲਾਸ ਦੇ ਦਿੱਤੇ ਸਨ ਪੇਪਰ 
ਮ੍ਰਿਤਕ ਅਮ੍ਰਿਤਪਾਲ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਅਮ੍ਰਿਤਪਾਲ ਨੇ 10ਵੀਂ ਕਲਾਸ ਦੇ ਪੇਪਰ ਦਿੱਤੇ ਸਨ। ਜਿਨ੍ਹਾਂ ਦਾ ਰਿਜ਼ਲਟ ਆਉਣਾ ਬਾਕੀ ਹੈ ਅਤੇ ਮ੍ਰਿਤਕ 11ਵੀਂ 'ਚ ਦਾਖਲਾ ਲੈਣ ਦੀ ਪਲਾਨਿੰਗ ਕਰ ਰਿਹਾ ਸੀ। ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸਦੇ ਦੋ ਵਿਆਹ ਹੋਏ ਸਨ। ਜਿਸ 'ਚ ਪਹਿਲੀ ਪਤਨੀ ਤੋਂ 2 ਪੁੱਤਰ ਅਤੇ ਦੂਜੀ ਪਤਨੀ ਤੋਂ 2 ਲੜਕੀਆਂ ਹਨ। 
ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੀ ਝਗੜਾ 
ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਉਸਦੇ ਬੇਟੇ ਦੀ ਹੱਤਿਆ ਕੀਤੀ ਹੈ। ਉਨ੍ਹਾਂ ਨੇ ਸਾਲ 2012 'ਚ ਉਨ੍ਹਾਂ ਦੇ ਘਰ 'ਚ ਧੱਕੇ ਨਾਲ ਗੰਦਾ ਪਾਣੀ ਛੱਡ ਦਿੱਤਾ ਸੀ। ਜਿਸਦੇ ਬਾਅਦ ਜਦ ਉਨ੍ਹਾਂ ਨੇ ਵਿਰੋਧ ਜਤਾਇਆ ਤਾਂ ਉਕਤ ਲੋਕਾਂ ਨੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਇਨ੍ਹਾਂ 'ਤੇ ਮਾਮਲਾ ਦਰਜ ਕੀਤਾ ਹੈ। ਜਿਸਦੇ ਬਾਅਦ ਉਨ੍ਹਾਂ ਨੇ 2 ਸਾਲ ਦੀ ਸਜ਼ਾ ਹੋਈ ਸੀ। ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸੇ ਰੰਜਿਸ਼ ਦੇ ਕਾਰਨ ਉਨ੍ਹਾਂ ਨੇ ਬੀਤੀ ਰਾਤ ਉਸਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।