ਗੁਰਪ੍ਰੀਤ ਦਾ ਕਤਲ ਬਣਿਆ ਬੁਝਾਰਤ

01/12/2018 6:06:53 AM

ਹਠੂਰ(ਭੱਟੀ)-ਜਲੰਧਰ 'ਚ ਲਾਸ਼ ਦੇ ਟੁਕੜਿਆਂ 'ਚ ਮਿਲਿਆ 2 ਭੈਣਾਂ ਦਾ ਇਕਲੌਤਾ ਭਰਾ ਗੁਰਪ੍ਰੀਤ ਸਿੰਘ (22) ਪੁੱਤਰ ਜਸਵੀਰ ਸਿੰਘ ਕੌਮ ਜੱਟ ਸਿੱਖ ਵਾਸੀ ਦੇਹੜਕਾ (ਲੁਧਿਆਣਾ), ਜੋ ਕਿ ਬੀ. ਕਾਮ ਕਰਕੇ ਜਗਰਾਓਂ ਦੇ ਇਕ ਕੰਪਿਊਟਰ ਸੈਂਟਰ 'ਚ ਕੋਰਸ ਕਰ ਰਿਹਾ ਸੀ । ਉਹ ਬੀਤੇ ਮਹੀਨੇ ਦੀ 30 ਦਸੰਬਰ ਨੂੰ ਸਵੇਰੇ 5.30 ਵਜੇ ਘਰੋਂ ਇਹ ਕਹਿ ਕੇ ਚੰਡੀਗੜ੍ਹ ਗਿਆ ਸੀ ਕਿ ਉਹ ਆਪਣੇ ਕਿਸੇ ਦੋਸਤ ਨਾਲ ਵਿਦੇਸ਼ ਜਾਣ ਲਈ ਫਾਈਲ ਲਾਉਣ ਕਿਸੇ ਏਜੰਟ ਕੋਲ ਜਾ ਰਿਹਾ ਹੈ ਪਰ ਦੁਪਹਿਰ ਬਾਅਦ ਜਦ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਸ ਦਾ ਫੋਨ ਬੰੰਦ ਆ ਰਿਹਾ ਸੀ ਅਤੇ ਘਰ ਵਾਪਸ ਨਾ ਆਉਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਦੂਸਰੇ ਦਿਨ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਪੁਲਸ ਥਾਣਾ ਹਠੂਰ ਵਿਖੇ ਦਰਖਾਸਤ ਦਿੱਤੀ ਗਈ।
ਇਸ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਤੌਰ 'ਤੇ ਭਾਲ ਕਰਨੀ ਸ਼ੁਰੂ ਕਰ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਮੁੱਖ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ 9 ਜਨਵਰੀ ਨੂੰ ਪੁਲਸ ਥਾਣਾ ਹਠੂਰ ਵਿਖੇ ਬੁਲਾਇਆ ਗਿਆ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਹ ਥਾਣੇ ਗਏ ਤਾਂ ਥਾਣਾ ਮੁਖੀ ਨੇ ਦੱਸਿਆ ਕਿ ਉਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਕਤਲ ਹੋ ਚੁੱਕਾ ਹੈ ਅਤੇ ਜਲੰਧਰ ਦੇ ਪਿੰਡ ਚਾਚੋਵਾਲ ਵਿਖੇ ਵੇਈਂ ਨਦੀ ਕੋਲ ਲਾਸ਼ ਪਈ ਹੈ। ਇਸ ਤੋਂ ਬਾਅਦ ਹਠੂਰ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਲੁਧਿਆਣਾ ਦੇ ਪੁਲਸ ਥਾਣਾ ਡਵੀਜ਼ਨ ਨੰਬਰ ਪੰਜ ਵਿਖੇ ਭੇਜ ਦਿੱਤਾ, ਜਿੱਥੇ ਮ੍ਰਿਤਕ ਲੜਕੇ ਦੇ ਪਿਤਾ ਜਸਵੀਰ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਦੂਸਰੇ ਦਿਨ 10 ਜਨਵਰੀ ਨੂੰ ਉਕਤ ਪੁਲਸ ਪਰਿਵਾਰਕ ਮੈਂਬਰਾਂ ਤੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਜਗ੍ਹਾ ਪੁੱਜੀ, ਜਿਥੇ ਪਰਿਵਾਰਕ ਮੈਂਬਰਾਂ ਤੋਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਕੱਪੜਿਆਂ ਦੀ ਸ਼ਨਾਖਤ ਕਰਵਾਈ ਗਈ ਅਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਕਈ ਟੁਕੜਿਆਂ ਵਿਚ ਮਿਲੀ।
ਸਰੀਰ ਦੇ ਅੰਗ ਅਲੱਗ-ਅਲੱਗ ਥਾਂ 'ਤੇ ਪਏ ਸਨ, ਜਿਨ੍ਹਾਂ ਨੂੰ ਪੁਲਸ ਨੇ ਇਕ ਬੋਰੀ 'ਚ ਪਾ ਲਿਆ ਅਤੇ ਆਪਣੇ ਨਾਲ ਲੁਧਿਆਣਾ ਲੈ ਗਏ, ਜਦਕਿ ਮ੍ਰਿਤਕ ਦੇ ਨਜ਼ਦੀਕੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਕਾਰਵਾਈ ਨੂੰ ਸ਼ੱਕੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਤਾਂ ਪੁਲਸ ਥਾਣਾ ਹਠੂਰ ਵਿਖੇ ਦਿੱਤੀ ਗਈ ਸੀ ਅਤੇ ਲਾਸ਼ ਜਲੰਧਰ ਤੋਂ ਮਿਲਦੀ ਹੈ ਪਰ ਇਸ ਸਬੰਧੀ ਪਰਚਾ ਦਰਜ ਲੁਧਿਆਣਾ ਦੇ ਪੁਲਸ ਥਾਣਾ ਡਵੀਜ਼ਨ ਨੰਬਰ 5 ਵਿਖੇ ਕੀਤਾ ਜਾਂਦਾ ਹੈ। ਇਸ ਸੰਬੰਧੀ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਇਕ ਲੜਕੀ ਨਾਲ ਫੇਸਬੁੱਕ 'ਤੇ ਸੰਪਰਕ ਵਿਚ ਸੀ ਅਤੇ ਲੜਕੀ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਦਾ ਸੀ, ਜੋ ਉਸ ਦੀ ਮੌਤ ਦਾ ਅਸਲ ਕਾਰਨ ਬਣਿਆ। ਉਕਤ ਕੇਸ ਦੀ ਪੜਤਾਲ ਕਰ ਰਹੇ ਪੁਲਸ ਅਧਿਕਾਰੀ ਮਨਜੀਤ ਸਿੰਘ ਨਾਲ ਫੋਨ 'ਤੇ ਸੰਪਰਕ ਕਰਕੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਬਸ ਇੰਨਾ ਹੀ ਕਹਿ ਕੇ ਫੋਨ ਰੱਖ ਦਿੱਤਾ ਕਿ ਪਰਚਾ ਦਰਜ ਕੀਤਾ ਹੈ ਅਤੇ ਜਾਂਚ ਚੱਲ ਰਹੀ ਹੈ। ਮ੍ਰਿਤਕ ਗੁਰਪ੍ਰੀਤ ਦੇ ਵਿਰਲਾਪ ਕਰਦੇ ਮਾਪਿਆਂ ਅਤੇ ਸਕੇ ਸੰਬੰਧੀਆਂ ਨੇ ਪੁਲਸ-ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਪੁਲਸ ਨੇ ਦਰਜ ਪਰਚੇ ਵਿਚ ਇਕ ਨਾਂ ਲਵਦੀਸ਼ ਸਿੰਘ ਵਾਸੀ ਮਹੇੜੂ (ਜਲੰਧਰ) ਅਤੇ ਦੂਸਰਾ ਸਿਰਫ ਗਿੱਲ ਨਾਂ ਹੀ ਦੱਸਿਆ ਗਿਆ ਅਤੇ ਪੁਲਸ ਅਨੁਸਾਰ ਇਸ ਮਾਮਲੇ 'ਚ ਅਸਲ ਲੜਕੀ ਦੀ ਸ਼ਮੂਲੀਅਤ ਨਹੀਂ ਹੈ ਤਾਂ ਪੁਲਸ ਨੂੰ ਇਸ ਕਤਲ ਅਤੇ ਕਤਲ ਵਾਲੀ ਜਗ੍ਹਾ ਬਾਰੇ ਜਾਣਕਾਰੀ ਕਿਥੋਂ ਪ੍ਰਾਪਤ ਹੋਈ ਹੈ, ਇਹ ਪਰਿਵਾਰ ਲਈ ਬੁਝਾਰਤ ਬਣਿਆ ਹੋਇਆ ਹੈ।