ਗੋਸਾਈਂ ਮਰਡਰ ਕੇਸ ਦੇ ਸ਼ੱਕੀਆਂ ਦੇ ਮਹਾਨਗਰ ਦੀਆਂ ਸੜਕਾਂ 'ਤੇ ਲੱਗਣਗੇ ਹੋਰਡਿੰਗਸ

11/04/2017 4:47:21 AM

 ਲੁਧਿਆਣਾ(ਰਿਸ਼ੀ)-ਗੋਸਾਈਂ ਮਰਡਰ ਕੇਸ 'ਚ ਵਰਤੇ ਗਏ ਮੋਟਰਸਾਈਕਲ ਨੂੰ ਮਿਲਰਗੰਜ ਇਲਾਕੇ ਤੋਂ ਚੋਰੀ ਕਰਨ ਵਾਲੇ ਜਿਸ ਸ਼ੱਕੀ ਦਾ ਲੁਧਿਆਣਾ ਪੁਲਸ ਵਲੋਂ ਸਕੈੱਚ ਜਾਰੀ ਕੀਤਾ ਗਿਆ ਹੈ, ਪੁਲਸ ਉਸੇ ਸ਼ੱਕੀ ਦੇ ਮਹਾਨਗਰ ਦੀਆਂ ਸੜਕਾਂ 'ਤੇ ਹੋਰਡਿੰਗਸ ਲਵਾਉਣ ਜਾ ਰਹੀ ਹੈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੇ ਨਾਲ ਮਿਲ ਕੇ ਪੁਲਸ ਨੇ ਪਹਿਲਾਂ ਸ਼ੱਕੀ ਨੂੰ ਲੱਭਣ ਵਾਲੇ ਅਤੇ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਣ ਪੁਲਸ ਮਹਾਨਗਰ ਦੇ ਹਰੇਕ ਪ੍ਰਮੁੱਖ ਚੌਕ 'ਤੇ ਉਸ ਦੇ ਹੋਰਡਿੰਗਸ ਲਵਾਉਣ ਜਾ ਰਹੀ ਹੈ। ਸ਼ਹਿਰ 'ਚ ਲਗਭਗ 20 ਜਗ੍ਹਾ 'ਤੇ ਹੋਰਡਿੰਗਸ ਲੱਗਣਗੇ। ਪੁਲਸ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਫੋਕਸ ਕਰ ਰਹੀ ਹੈ ਅਤੇ ਸ਼ੱਕੀ ਦੇ 28 ਹਜ਼ਾਰ ਪੋਸਟਰ ਤਿਆਰ ਕਰਵਾਏ ਗਏ ਹਨ, ਜੋ ਕਾਲਜਾਂ ਦੇ ਬਾਹਰ ਜਾ ਕੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ, ਤਾਂ ਕਿ ਵਿਦਿਆਰਥੀਆਂ ਤੋਂ ਇਸ ਬਾਰੇ ਕੋਈ ਜਾਣਕਾਰੀ ਮਿਲ ਸਕੇ। ਇਸ ਦੇ ਨਾਲ ਹਰੇਕ ਕਾਲਜ ਦੀ ਕੰਧ 'ਤੇ ਪੋਸਟਰ ਚਿਪਕਾਏ ਜਾਣਗੇ। ਪੁਲਸ ਦੀ ਮੰਨੀਏ ਤਾਂ ਵਿਦਿਆਰਥੀ ਵੀ ਪੁਲਸ ਦੀ ਮਦਦ ਕਰ ਸਕਦੇ ਹਨ।
ਕਾਊਂਟਰ ਇੰਟੈਲੀਜੈਂਸ ਦੀ ਤਿਆਰ ਸਪੈਸ਼ਲ –100
ਪੁਲਸ ਕਮਿਸ਼ਨਰ ਅਨੁਸਾਰ ਪੁਲਸ ਮੁਲਾਜ਼ਮਾਂ ਦੀ ਇਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ, ਜਿਸ ਵਿਚ 100 ਮੁਲਾਜ਼ਮ ਹਨ, ਜਿਨ੍ਹਾਂ ਨੂੰ ਦੂਜੇ ਸ਼ਹਿਰਾਂ ਤੋਂ ਲਿਆਂਦਾ ਗਿਆ ਹੈ। ਸਪੈਸ਼ਲ-100 ਕਾਊਂਟਰ ਇੰਟੈਲੀਜੈਂਸ ਦੇ ਨਾਲ ਜੋੜੇ ਗਏ ਹਨ, ਜੋ ਸਿਵਲ ਵਰਦੀ ਵਿਚ ਇਸ ਕੇਸ 'ਤੇ ਕੰਮ ਕਰ ਰਹੇ ਹਨ।
28 ਐੱਸ. ਐੱਚ. ਓ. ਜਾਣਗੇ ਡੋਰ-ਟੂ-ਡੋਰ 
ਪੁਲਸ ਕਮਿਸ਼ਨਰ ਅਨੁਸਾਰ ਤਿਆਰ ਕੁਝ ਪੋਸਟਰ ਸਾਰੇ ਥਾਣਿਆਂ 'ਚ ਭੇਜੇ ਜਾ ਰਹੇ ਹਨ, ਹਰੇਕ ਥਾਣੇ ਦਾ ਐੱਸ. ਐੱਚ. ਓ. ਆਪਣੇ ਇਲਾਕੇ ਵਿਚ ਡੋਰ-ਟੂ-ਡੋਰ ਘੁੰਮ ਕੇ ਸ਼ੱਕੀਆਂ ਬਾਰੇ ਜਾਣਕਾਰੀ ਜੁਟਾਉਣ ਦੇ ਨਾਲ-ਨਾਲ ਪੋਸਟਰ ਵੰਡੇਗਾ, ਜਿਸਦੀ ਰਿਪੋਰਟ ਸੀ. ਪੀ. ਖੁਦ ਲੈਣਗੇ। 
6 ਫੁੱਟ ਦੇ ਸਾਰੇ ਅਪਰਾਧੀਆਂ 'ਤੇ ਨਜ਼ਰ 
ਸੀ. ਪੀ. ਵਲੋਂ ਹਰੇਕ ਥਾਣਾ ਇੰਚਾਰਜ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਆਪਣੇ ਇਲਾਕੇ 'ਚ ਰਹਿਣ ਵਾਲੇ ਸਾਰੇ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਦਾ ਕੱਦ 6 ਫੁੱਟ ਤੋਂ ਜ਼ਿਆਦਾ ਹੈ। ਸੂਤਰਾਂ ਦੀ ਮੰਨੀਏ ਤਾਂ ਥਾਣਿਆਂ 'ਚ ਮੌਜੂਦ ਹਰੇਕ ਮੁਲਾਜ਼ਮਾਂ ਨੂੰ ਘੱਟ ਤੋਂ ਘੱਟ 10 ਅਪਰਾਧੀ ਨੂੰ ਫੜ ਕੇ ਲਿਆਉਣਾ ਜ਼ਰੂਰੀ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਨਾ ਕਰਨ 'ਤੇ ਸਸਪੈਂਡ ਤੱਕ ਕਰਨ ਨੂੰ ਕਿਹਾ ਜਾ ਚੁੱਕਿਆ ਹੈ।
ਹਰ ਰੋਜ਼ ਹੋ ਰਹੀ 2 ਘੰਟੇ ਮੀਟਿੰਗ 
ਸੂਤਰਾਂ ਦੀ ਮੰਨੀਏ ਤਾਂ ਸੀ. ਪੀ. ਦੀ ਕਾਊਂਟਰ ਇੰਟੈਲੀਜੈਂਸ ਦੇ ਆਈ. ਜੀ. ਦੇ ਨਾਲ ਹਰ ਰੋਜ਼ ਗੋਸਾਈਂ ਮਰਡਰ ਕੇਸ ਨੂੰ ਲੈ ਕੇ 2 ਘੰਟੇ ਮੀਟਿੰਗ ਕੀਤੀ ਜਾ ਰਹੀ ਹੈ। ਪੁਲਸ ਕੋਲ ਹਤਿਆਰਿਆਂ ਤੱਕ ਪਹੁੰਚਣ ਲਈ ਚੋਰੀਸ਼ੁਦਾ ਮੋਟਰਸਾਈਕਲ ਅਤੇ ਇਕ ਮਾਤਰ ਚਾਬੀ ਅਤੇ ਪੁਲਸ ਇਸ 'ਤੇ ਹੀ ਕੰਮ ਕਰ ਰਹੀ ਹੈ, ਜਿਸ ਦੇ ਬਾਅਦ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਗਾਈਡਲਾਈਨ ਦਿੱਤੀ ਜਾ ਰਹੀ ਹੈ। 
ਸ਼ਾਖਾ 'ਤੇ ਮੁਲਾਜ਼ਮ ਬਣੇ ਆਰ. ਐੱਸ. ਐੱਸ. ਵਰਕਰ
ਆਰ. ਐੱਸ. ਐੱਸ. ਵਰਕਰਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀ. ਪੀ. ਵਲੋਂ ਹਰੇਕ ਸ਼ਾਖਾ 'ਤੇ ਹਰ ਰੋਜ਼ ਸਵੇਰੇ ਆਪਣੇ ਮੁਲਾਜ਼ਮ ਸਿਵਲ ਵਰਦੀ 'ਚ ਭੇਜੇ ਜਾ ਰਹੇ ਹਨ, ਜੋ ਆਰ. ਐੱਸ. ਐੱਸ. ਵਰਕਰ ਬਣ ਮੌਜੂਦ ਰਹਿ ਕੇ ਹਰ ਸ਼ੱਕੀ 'ਤੇ ਨਜ਼ਰ ਰੱਖੇ ਹੋਏ ਹਨ। ਇਸ ਦੇ ਨਾਲ ਸ਼ਹਿਰ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਹਿੰਦੂ ਨੇਤਾ ਦੀ ਲਿਸਟ ਤਿਆਰ ਕਰ ਕੇ ਸੰਪਰਕ ਬਣਾਇਆ ਗਿਆ ਅਤੇ ਸਾਰਿਆਂ ਨੂੰ ਇਲਾਕੇ ਦੇ ਐੱਸ. ਐੱਚ. ਓ. ਅਤੇ ਪੀ. ਸੀ. ਆਰ. ਦਸਤੇ ਦਾ ਨੰਬਰ ਦਿੱਤਾ ਗਿਆ ਹੈ ਤਾਂ ਕਿ ਐਮਰਜੈਂਸੀ 'ਚ ਉਨ੍ਹਾਂ ਨੂੰ ਬੁਲਾਇਆ ਜਾ ਸਕੇ। ਇਸ ਤੋਂ ਇਲਾਵਾ ਹਰੇਕ ਹਿੰਦੂ ਨੇਤਾ ਨੂੰ ਘਰ 'ਚ ਕੈਮਰੇ ਲਵਾਉਣ ਦਾ ਵੀ ਕਿਹਾ ਜਾ ਰਿਹਾ ਹੈ।