ਗੋਸਾਈਂ ਦਾ ਮੋਬਾਇਲ ਚੈੱਕ ਕਰਨ ''ਚ ਜੁਟੀ ਪੁਲਸ

10/25/2017 3:28:16 AM

ਲੁਧਿਆਣਾ(ਮਹੇਸ਼)-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਵਿੰਦਰ ਗੋਸਾਈਂ ਕਤਲਕਾਂਡ ਵਿਚ ਪੁਲਸ ਗੋਸਾਈਂ ਦਾ ਮੋਬਾਇਲ ਚੈੱਕ ਕਰਨ ਵਿਚ ਜੁਟ ਗਈ ਹੈ। ਕਾਲ ਰਿਕਾਰਡਿੰਗ ਤੋਂ ਲੈ ਕੇ ਫੇਸਬੁੱਕ ਅਤੇ ਵਟਸਐਪ ਗਰੁੱਪ ਨੂੰ ਜਾਂਚ ਏਜੰਸੀਆਂ ਬਾਰੀਕੀ ਨਾਲ ਜਾਂਚ ਰਹੀਆਂ ਹਨ ਅਤੇ ਉਸ ਦੇ ਆਧਾਰ 'ਤੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਵਿਚ ਵਰਤੇ ਮੋਟਰਸਾਈਕਲ ਦੀ ਬਰਾਮਦਗੀ ਤੋਂ ਇਲਾਵਾ ਪੁਲਸ ਦੇ ਹੱਥ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਲੱਗੀ। ਗੋਸਾਈਂ ਦਾ ਮੋਬਾਇਲ ਉਨ੍ਹਾਂ ਦੇ ਕਤਲ ਦੇ ਦਿਨ ਤੋਂ ਪੁਲਸ ਕੋਲ ਹੈ। ਗੋਸਾਈਂ ਦੇ ਬੇਟਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਹਰ ਕਾਲ ਨੂੰ ਆਪਣੇ ਮੋਬਾਇਲ ਵਿਚ ਰਿਕਾਰਡ ਕਰਿਆ ਕਰਦੇ ਸਨ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਗੋਸਾਈਂ ਆਰ. ਟੀ. ਆਈ. ਐਕਟੀਵਿਸਟ ਵੀ ਸਨ। ਉਨ੍ਹਾਂ ਨੇ ਕਈ ਆਰ. ਟੀ. ਆਈ. ਪਾ ਰੱਖੀਆਂ ਸਨ। ਉਧਰ ਕਾਤਲਾਂ ਦੇ ਨਾ ਫੜੇ ਜਾਣ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ। ਨਗਰ ਵਿਚ ਜੋ ਕੋਈ ਵੀ ਚਰਚਿਤ ਵਿਅਕਤੀ ਹੈ, ਉਸ ਦੇ ਆਲੇ-ਦੁਆਲੇ ਲੋਕ ਉਨ੍ਹਾਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਕਤਲ ਹੋਏ ਹਨ, ਉਹ ਆਪਣੀ ਜ਼ਿੰਦਗੀ ਆਮ ਨਾਗਰਿਕਾਂ ਵਾਂਗ ਬਤੀਤ ਕਰ ਰਹੇ ਸਨ। ਦਹਿਸ਼ਤਗਰਦ ਪੰਜਾਬ ਵਿਚ ਫਿਰ ਅਸ਼ਾਂਤੀ ਫੈਲਾਉਣ ਲਈ ਇਨ੍ਹਾਂ ਕਾਂਡਾਂ ਨੂੰ ਅੰਜਾਮ ਦੇ ਰਹੇ ਹਨ।
ਗੋਸਾਈਂ ਦੇ ਘਰ ਪਹੁੰਚੇ ਜੰਮੂ-ਕਸ਼ਮੀਰ ਭਾਜਪਾ ਦੇ ਇੰਚਾਰਜ 
ਰਵਿੰਦਰ ਗੋਸਾਈਂ ਕਤਲ ਕਾਂਡ ਦੇ ਮਾਮਲੇ 'ਚ ਮੰਗਲਵਾਰ ਨੂੰ ਜੰਮੂ-ਕਸ਼ਮੀਰ ਭਾਜਪਾ ਇਕਾਈ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਗੋਸਾਈਂ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਗੋਸਾਈਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਗੋਸਾਈਂ ਸੰਘ ਦੇ ਇਕ ਸੱਚੇ ਯੋਧਾ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੰਘ ਅਤੇ ਪਾਰਟੀ ਦੀ ਸੇਵਾ 'ਚ ਲਗਾ ਦਿੱਤਾ। ਪੂਰਾ ਮਹਾਮੰਡਲ ਭਾਜਪਾ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਨਾਲ ਚਟਾਨ ਦੀ ਤਰ੍ਹਾਂ ਖੜ੍ਹਾ ਹੈ। ਖੰਨਾ ਤੋਂ ਪਹਿਲਾਂ ਰਾਜ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ, ਡੀ. ਜੀ. ਪੀ. ਸੁਰੇਸ਼ ਅਰੋੜਾ ਉਨ੍ਹਾਂ ਦੇ ਘਰ ਦਾ ਦੌਰਾ ਕਰ ਚੁੱਕੇ ਹਨ। ਗੋਸਾਈਂ ਦਾ ਦੀਵਾਲੀ ਤੋਂ 2 ਦਿਨ ਪਹਿਲਾਂ 17 ਅਕਤੂਬਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ 2 ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।   ਖੰਨਾ ਤੋਂ ਇਲਾਵਾ ਧਰਮ ਪ੍ਰਸਾਰ ਅਖਿਲ ਭਾਰਤੀ ਸਹਿ ਪ੍ਰਮੁੱਖ ਸੰਘ ਪ੍ਰਚਾਰਕ ਸੁਧਾਂਸ਼ੂ ਮੋਹਨ ਪਟਨਾਇਕ, ਖੇਤਰੀ ਧਰਮ ਪ੍ਰਸਾਰ ਪ੍ਰਮੁੱਖ ਮਹਿੰਦਰ ਯਾਦਵ, ਪ੍ਰਾਂਤ ਧਰਮ ਪ੍ਰਸਾਰ ਪ੍ਰਮੁੱਖ ਗੁਰਮੁਖ ਸਿੰਘ ਨਾਮਧਾਰੀ ਕੇਰਲਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਤੀਨਿਧੀ ਆਦਿ ਨੇ ਵੀ ਗੋਸਾਈਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।   ਗੋਸਾਈਂ ਦੇ ਪੁੱਤਰ ਅਜੇ ਗੋਸਾਈਂ ਨੇ ਕਿਹਾ ਕਿ ਸਾਰੇ ਰਾਜਨੀਤਕ ਅਤੇ ਧਾਰਮਿਕ ਨੇਤਾਵਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹ ਦੁੱਖ ਦੀ ਇਸ ਘੜੀ 'ਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ।