ਕਤਲ ਦੇ ਦੋਸ਼ ''ਚ ਤਿੰਨ ਨੂੰ ਉਮਰ ਕੈਦ

09/23/2017 3:40:58 AM

ਲੁਧਿਆਣਾ(ਮਹਿਰਾ)-ਕਤਲ ਦੇ ਦੋਸ਼ ਵਿਚ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਦੋਸ਼ੀ ਮਨੀ ਕੁਮਾਰ ਨਿਵਾਸੀ ਭੱਟੀਆਂ ਕਾਲੋਨੀ, ਕੋਮਲ ਕੁਮਾਰ ਨਿਵਾਸੀ ਕੈਲਾਸ਼ ਨਗਰ ਅਤੇ ਮਨਜੀਤ ਸਿੰਘ ਨਿਵਾਸੀ ਬਿੰਦਰਾ ਕਾਲੋਨੀ ਨੂੰ ਉਮਰ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਬਸਤੀ ਜੋਧੇਵਾਲ ਵੱਲੋਂ 20 ਮਾਰਚ, 2012 ਨੂੰ ਦੋਸ਼ੀਆਂ ਖਿਲਾਫ ਧਾਰਾ 302, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀਆਂ 'ਤੇ ਸੁਖਵਿੰਦਰ ਸਿੰਘ ਨੂੰ ਉਸ ਦੇ ਜਨਮ ਦਿਨ 'ਤੇ ਉਸ ਦਾ ਕਤਲ ਕਰਨ ਦਾ ਦੋਸ਼ ਸੀ। ਮ੍ਰਿਤਕ ਸੁਖਵਿੰਦਰ ਸਿੰਘ ਦੇ ਪਿਤਾ ਗੁਰਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਗਿਆ ਸੀ। ਉਸ ਮੁਤਾਬਕ 20 ਮਾਰਚ ਨੂੰ ਉਸ ਦੇ ਬੇਟੇ ਸੁਖਵਿੰਦਰ ਸਿੰਘ ਦਾ ਜਨਮ ਦਿਨ ਸੀ ਅਤੇ ਘਰ ਵਿਚ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਉਸ ਦਾ ਜਨਮ ਦਿਨ ਮਨਾ ਰਹੇ ਸਨ ਤਾਂ ਸ਼ਾਮ ਕਰੀਬ ਸਵਾ 7 ਵਜੇ ਉਪਰੋਕਤ ਦੋਸ਼ੀ ਘਰ ਦੇ ਬਾਹਰ ਆ ਗਏ ਅਤੇ ਉਨ੍ਹਾਂ ਨੇ ਸੁਖਵਿੰਦਰ ਸਿੰਘ ਨੂੰ ਬਾਹਰ ਬੁਲਾ ਲਿਆ। ਸੁਖਵਿੰਦਰ ਸਿੰਘ ਦੇ ਨਾਲ ਉਸ ਦਾ ਛੋਟਾ ਭਰਾ ਸੁਮਿਤ ਵੀ ਚਲਾ ਗਿਆ। ਉਨ੍ਹਾਂ ਮੁਤਾਬਕ ਦੋਸ਼ੀ ਉਸ ਦੇ ਬੇਟੇ ਸੁਖਵਿੰਦਰ ਸਿੰਘ ਨੂੰ ਗਲੀ ਦੇ ਮੋੜ 'ਤੇ ਲੈ ਗਏ ਅਤੇ ਉਥੇ ਜਾ ਕੇ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ। ਰੌਲਾ ਪਾਏ ਜਾਣ 'ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿਚ ਸੁਖਵਿੰਦਰ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ। ਅਦਾਲਤ ਨੇ ਇਕ ਹੋਰ ਦੋਸ਼ੀ ਬੂਟਾ ਸਿੰਘ ਨਿਵਾਸੀ ਕੁਲਦੀਪ ਨਗਰ ਨੂੰ ਬਰੀ ਕਰ ਦਿੱਤਾ।