ਬਹੁਚਰਚਿਤ ਪਾਦਰੀ ਕਤਲ ਕੇਸ ਕਿਤੇ ਪੁਲਸ ''ਤੇ ਭਾਰੀ ਨਾ ਪੈ ਜਾਵੇ ਪਾਦਰੀ ਕਤਲ ਕੇਸ

07/23/2017 5:35:34 AM

ਲੁਧਿਆਣਾ(ਮਹੇਸ਼)-15 ਜੁਲਾਈ ਨੂੰ ਇਸਾਈ ਭਾਈਚਾਰੇ ਦੇ ਪਾਦਰੀ ਸੁਲਤਾਨ ਮਸੀਹ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਕ ਹਫਤਾ ਬੀਤ ਜਾਣ 'ਤੇ ਵੀ ਪੁਲਸ ਦੇ ਹੱਥ ਕੁਝ ਨਾ ਲੱਗਾ। ਇਸਾਈ ਭਾਈਚਾਰਾ ਬੇਸ਼ੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਆਸਵੰਦ ਹੈ ਪਰ 24 ਜੁਲਾਈ ਤੱਕ ਜੇਕਰ ਇਸਾਈ ਭਾਈਚਾਰੇ ਦੇ ਅਲਟੀਮੇਟਮ 'ਤੇ ਪੁਲਸ ਪੂਰੀ ਨਾ ਉਤਰ ਸਕੀ ਅਤੇ ਕਾਤਲ ਨਾ ਫੜੇ ਗਏ ਤਾਂ ਇਸਾਈ ਭਾਈਚਾਰੇ ਦੀ ਨਾਰਾਜ਼ਗੀ ਪੁਲਸ 'ਤੇ ਭਾਰੀ ਪੈ ਸਕਦੀ ਹੈ। ਉੱਚ ਪੁਲਸ ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਪੁਲਸ ਕਮਿਸ਼ਨਰ ਦੀ ਕਾਰਜ ਪ੍ਰਣਾਲੀ ਅਤੇ ਵਧ ਰਹੇ ਅਪਰਾਧ ਦੇ ਕਾਰਨ ਸਰਕਾਰ ਵਿਚ ਸਭ ਕੁਝ ਆਮ ਨਹੀਂ ਹੈ। ਸੰਭਵ ਹੈ ਕਿ ਵੱਡੇ ਪੱਧਰ 'ਤੇ ਬਦਲੀਆਂ ਹੋ ਜਾਣ ਅਤੇ ਪੁਲਸ ਦੀ ਕਮਾਨ ਕਿਸੇ ਅਜਿਹੇ ਅਧਿਕਾਰੀ ਨੂੰ ਮਿਲੇ ਜੋ ਅਜਿਹੇ ਹਾਲਾਤ ਨਾਲ ਨਿਪਟਣ ਲਈ ਤਜਰਬੇਕਾਰ ਹੋਵੇ।
ਇਕ ਪਾਸੇ ਜਿਥੇ ਇਸਾਈ ਭਾਈਚਾਰੇ ਦੇ ਸੀਨੀਅਰ ਲੋਕ ਪੁਲਸ ਕਮਿਸ਼ਨਰ ਤੋਂ ਇਲਾਵਾ ਡੀ. ਜੀ. ਪੀ. ਤੱਕ ਨੂੰ ਸਵਾਲ ਕਰ ਰਹੇ ਹਨ, ਉਥੇ ਦਿਨੋਂ ਦਿਨ ਲੁਧਿਆਣਾ ਵਿਚ ਵਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਅਤੇ ਅਪਰਾਧੀਆਂ ਦੇ ਵਧ ਰਹੇ ਹੌਂਸਲੇ ਉੱਚ ਅਧਿਕਾਰੀਆਂ ਦੇ ਗਲੇ ਦਾ ਫਾਹਾ ਬਣਦੇ ਜਾ ਰਹੇ ਹਨ। ਦਾਅਵੇ ਤਾਂ ਇੱਥੋਂ ਤੱਕ ਹੋ ਰਹੇ ਹਨ ਕਿ ਹੁਣ ਲੁਧਿਆਣਾ ਵਿਚ ਪੁਲਸ ਕਮਿਸ਼ਨਰ ਦਾ ਬਦਲ ਲੱਭ ਲਿਆ ਗਿਆ ਹੈ ਅਤੇ ਉੱਚ ਪੁਲਸ ਲਾਬੀ ਜ਼ਿਆਦਾ ਦੇਰ ਤੱਕ ਅਜਿਹਾ ਸਭ ਕੁਝ ਬਰਦਾਸ਼ਤ ਕਰਨ ਵਾਲੀ ਨਹੀਂ। ਇਸ ਸਬੰਧੀ ਸਰਕਾਰ ਦੇ ਹੁਕਮਾਂ ਦੀ ਉਡੀਕ ਹੋ ਰਹੀ ਹੈ ਕਿ ਲੁਧਿਆਣਾ ਪੁਲਸ ਕਮਿਸ਼ਨਰ ਦੀ ਬਦਲੀ ਹੋ ਜਾਵੇਗੀ। ਇਸ ਸਬੰਧੀ ਸਾਰੇ ਉੱਚ ਅਧਿਕਾਰੀਆਂ ਨੇ ਚੁੱਪ ਧਾਰਨ ਕਰ ਰੱਖੀ ਹੈ।
ਰਾਜਨੀਤਕ ਆਗੂਆਂ ਨੂੰ ਖਰੀ ਖਰੀ
ਦੂਆ ਨੇ ਹਮਦਰਦੀ ਪ੍ਰਗਟ ਕਰਨ ਆਉਣ ਵਾਲੇ ਰਾਜਨੀਤਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਰਾਜਨੀਤਕ ਰੋਟੀਆਂ ਸੇਕਣੀਆਂ ਬੰਦ ਕਰ ਦੇਣ। ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਆਗੂ ਇਥੇ ਆਏ ਹਨ, ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਹੀ ਕੋਸਿਆ ਹੈ। ਉਨ੍ਹਾਂ ਆਪਣੇ ਦਲ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਵੀ ਆਰਥਿਕ ਮਦਦ ਮੁਹੱਈਆ ਕਰਵਾਉਣ ਜਾਂ ਉਸ ਦਾ ਐਲਾਨ ਤੱਕ ਨਹੀਂ ਕੀਤਾ।
ਪਾਸਟਰਾਂ ਦੀ ਵਧਾਈ ਜਾਵੇ ਸੁਰੱਖਿਆ
ਐਲਬਰਟ ਦੂਆ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਗੈਰ ਸਮਾਜੀ ਅਤੇ ਸ਼ਰਾਰਤੀ ਤੱਤਾਂ ਵੱਲੋਂ ਉਨ੍ਹਾਂ ਦੇ ਭਾਈਚਾਰੇ ਦੇ ਪ੍ਰਤੀਨਿਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਵਟਸਐਪ 'ਤੇ ਸਰਗਰਮ ਇਕ ਵਿਸ਼ੇਸ਼ ਗਰੁੱਪ ਰਾਹੀਂ ਧਮਕੀਆਂ ਭਰੇ ਵੁਆਇਸ ਮੈਸੇਜ ਭੇਜੇ ਜਾ ਰਹੇ ਹਨ। ਜਿਸ ਕਾਰਨ ਉਹ ਖਾਸੀ ਦਹਿਸ਼ਤ ਵਿਚ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਕਰ ਕੇ ਪਾਸਟਰਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
ਸੀ. ਪੀ. ਸਾਹਿਬ ਨੇ ਮਨ੍ਹਾ ਕੀਤਾ ਹੈ ਕੁਝ ਦੱਸਣ ਤੋਂ
ਪਾਦਰੀ ਕਤਲਕਾਂਡ ਵਿਚ ਜਾਂਚ ਵਿਚ ਜੁਟੇ ਕਰੀਬ ਇਕ ਦਰਜਨ ਤੋਂÎ ਜ਼ਿਆਦਾ ਛੋਟੇ ਵੱਡੇ ਅਫਸਰਾਂ ਨੇ ਇਸ ਸਬੰਧੀ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਵਿਚ ਕੁਝ ਅਫਸਰ ਤਾਂ ਅਜਿਹੇ ਵੀ ਸ਼ਾਮਲ ਹਨ ਜੋ ਆਪਣੀ ਛੋਟੀ ਜਿਹੀ ਪ੍ਰਾਪਤੀ ਨੂੰ ਮੀਡੀਆ ਵਿਚ ਵਧਾ ਚੜ੍ਹਾ ਕੇ ਪੇਸ਼ ਕਰਨ ਵਿਚ ਮਾਹਿਰ ਹਨ। ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਸੀ. ਪੀ. ਸਾਹਿਬ ਨੇ ਕੁਝ ਬੋਲਣ ਤੋਂ ਮਨ੍ਹਾ ਕੀਤਾ ਹੈ।
24 ਤੋਂ ਬਾਅਦ ਸੜਕਾਂ 'ਤੇ ਉਤਰੇਗਾ ਇਸਾਈ ਭਾਈਚਾਰਾ
ਬਹੁਚਰਚਿਤ ਪਾਦਰੀ ਕਤਲ ਕੇਸ ਵਿਚ ਪੰਜਾਬ ਪੁਲਸ ਦੀ ਨਕਾਮੀ ਨੂੰ ਦੇਖਦੇ ਹੋਏ ਇਸਾਈ ਲੋਕਾਂ ਦੇ ਪ੍ਰਤੀਨਿਧੀਆਂ ਨੇ ਖੁੱਲ੍ਹੇ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ 24 ਜੁਲਾਈ ਤੱਕ ਪਾਦਰੀ ਸੁਲਤਾਨ ਮਸੀਹ ਦੇ ਕਾਤਲ ਗ੍ਰਿਫਤਾਰ ਨਾ ਹੋਏ ਤਾਂ ਪੰਜਾਬ ਨਹੀਂ ਪੂਰੇ ਦੇਸ਼ ਵਿਚ ਸੰਘਰਸ਼ ਹੋਵੇਗਾ, ਜਿਸ ਦੀ ਜ਼ਿੰਮੇਦਾਰੀ ਸਰਕਾਰ ਦੀ ਹੋਵੇਗੀ।
ਇਸ ਸਬੰਧੀ ਅੱਜ ਟੈਂਪਲ ਆਫ ਗਾਡ (ਗਿਰਜਾਘਰ) ਵਿਚ ਬੁਲਾਈ ਗਈ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਲਬਰਟ ਦੂਆ ਨੇ ਕਿਹਾ ਕਿ ਉਹ 24 ਜੁਲਾਈ ਨੂੰ ਜਲੰਧਰ ਬਾਈਪਾਸ ਦੇ ਕੋਲ ਦਾਣਾ ਮੰਡੀ ਵਿਚ ਪਾਦਰੀ ਦੀ ਯਾਦ ਵਿਚ ਅਰਦਾਸ ਸਭਾ ਕੀਤੀ ਜਾ ਰਹੀ ਹੈ ਜਿਸ ਵਿਚ ਦੇਸ਼ ਭਰ ਤੋਂ ਇਸਾਈ ਧਰਮ ਦੇ ਪੈਰੋਕਾਰ ਅਤੇ ਪ੍ਰਤੀਨਿਧੀ ਪੁੱਜ ਰਹੇ ਹਨ।