ਜਿਸ ''ਤੇ ਪੁੱਤ ਤੋਂ ਵੱਧ ਭਰੋਸਾ ਕੀਤਾ, ਉਸੇ ਨੇ ਦਿੱਤੀ ਦਿਲ ਕੰਬਾਊ ਮੌਤ

01/09/2019 7:11:40 PM

ਪਟਿਆਲਾ (ਬਲਜਿੰਦਰ) : ਬੀਤੇ ਸਾਲ 31 ਦਸੰਬਰ ਨੂੰ ਘਰੋਂ ਸਕੂਟਰੀ ਸਮੇਤ ਲਾਆਪਤਾ ਹੋਏ ਰਿਟਾ. ਫੌਜੀ ਹਰਦੇਵ ਲਾਲ ਦੇ ਅੰਨੇ ਕਤਲ ਦੀ ਗੁੱਥੀ ਨੂੰ ਪਟਿਆਲਾ ਪੁਲਸ ਨੇ ਸੁਲਝਾ ਦਿੱਤਾ ਹੈ। ਪੁਲਸ ਅਨੁਸਾਰ ਹਰਦੇਵ ਲਾਲ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਅਸ਼ੀਸ਼ ਚੌਹਾਨ ਉਰਫ ਆਸ਼ੂ ਵਾਸੀ ਜੈ ਜਵਾਨ ਕਲੋਨੀ ਪਟਿਆਲਾ ਨਾਮ ਦੇ ਵਿਅਕਤੀ ਨੇ ਕੀਤਾ, ਜਿਸ 'ਤੇ ਮ੍ਰਿਤਕ ਹਰਦੇਵ ਲਾਲ ਆਪਣੇ ਪੁੱਤਰ ਰਾਕੇਸ਼ ਨਾਲੋ ਵੀ ਜ਼ਿਆਦਾ ਵਿਸ਼ਵਾਸ ਕਰਦਾ ਸੀ। ਪੁਲਸ ਨੇ ਆਸ਼ੂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰਕੇ ਉਸ ਦੇ ਖੂਨ ਨਾਲ ਲਥਪਥ ਕੱਪੜੇ ਅਤੇ ਜਿਸ ਪੱਥਰ ਨਾਲ ਸਿਰ 'ਤੇ ਵਾਰ ਕੀਤੇ ਗਏ ਸਨ, ਵੀ ਬਰਾਮਦ ਕਰ ਲਿਆ ਹੈ। ਜਦੋਂ ਕਿ ਸਕੂਟਰੀ ਦੀ ਭਾਲ ਅਜੇ ਜਾਰੀ ਹੈ। ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ 1 ਜਨਵਰੀ 2019 ਨੂੰ ਹਰਦੇਵ ਲਾਲ ਦੀ ਪਤਨੀ ਮਾਇਆ ਦੇਵੀ ਨੇ ਮਾਡਲ ਟਾਊਨ ਚੌਂਕੀ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਪਤੀ ਹਰਦੇਵ ਲਾਲ 31 ਦਸੰਬਰ ਨੂੰ ਆਪਣੀ ਸਕੂਟਰੀ 'ਤੇ ਘਰੋਂ ਗਿਆ ਅਤੇ ਲਾਪਤਾ ਹੋ ਗਿਆ। ਪੁਲਸ ਨੇ ਇਸ ਮਾਮਲੇ 'ਚ 346 ਆਈ. ਪੀ. ਸੀ (ਗੈਰ ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਰੱਖਣ) ਦਾ ਕੇਸ ਦਰਜ ਕੀਤਾ ਅਤੇ 6 ਜਨਵਰੀ ਨੂੰ ਹਰਦੇਵ ਲਾਲ ਦੀ ਖਨੌਰੀ ਹੈੱਡ ਤੋਂ ਲਾਸ਼ ਬਰਾਮਦ ਹੋ ਗਈ ਅਤੇ ਉਸ ਦੇ ਸਰੀਰ 'ਤੇ ਕੁਝ ਸੱਟਾਂ ਦੇ ਨਿਸ਼ਾਨ ਸਨ, ਪੁਲਸ ਕੇਸ ਨੂੰ 302 ਆਈ. ਪੀ. ਸੀ. ਵਿਚ ਬਦਲ ਕੇ ਉਸ ਦੀ ਜਾਂਚ ਲਈ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਅਤੇ ਐੱਸ. ਪੀ. ਸਿਟੀ ਕੇਸਰ ਸਿੰਘ ਦੇ ਨਿਰਦੇਸ਼ਾਂ 'ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ। 
ਕੀ ਸੀ ਪੂਰੀ ਕਹਾਣੀ
ਆਸ਼ੀਸ਼ ਚੌਹਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਜੋ ਜਾਂਚ ਕੀਤੀ ਤਾਂ ਉਸ 'ਚ ਸਾਹਮਣੇ ਆਇਆ ਕਿ ਸਵੇਰੇ 7.40 ਵਜੇ ਹਰਦੇਵ ਲਾਲ ਆਪਣੀ ਸਕੂਟਰੀ ਲੈ ਕੇ ਘਰੋਂ ਚਲਾ ਗਿਆ ਕਿ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਆਸ਼ੀਸ਼ ਚੌਹਾਨ ਤੋਂ 14 ਲੱਖ ਰੁਪਏ ਲੈਣ ਲਈ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਹਰਦੇਵ ਲਾਲ ਘਰ ਨਹੀਂ ਆਇਆ। ਪੁਲਸ ਮੁਤਾਬਕ ਹਰਦੇਵ ਲਾਲ ਅਤੇ ਉਸ ਦੀ ਪਤਨੀ ਮਾਇਆ ਦੇਵੀ ਨੂੰ ਜਿਹੜੇ ਰਿਟਾਇਰਮੈਂਟ ਦੇ ਪੈਸੇ ਮਿਲੇ ਸਨ, ਉਨ੍ਹਾਂ ਪੈਸਿਆਂ ਨੂੰ ਆਸ਼ੀਸ਼ ਚੌਹਾਨ ਵਾਰ-ਵਾਰ ਆਪਣੇ ਅਕਾਊਂਟ 'ਚ ਪਵਾਉਂਦਾ ਰਿਹਾ ਤੇ ਕੁਝ ਪੈਸੇ ਕਢਵਾ ਕੇ ਮ੍ਰਿਤਕ ਦੇ ਪਰਿਵਾਰ ਨੂੰ ਦਿੰਦਾ ਰਿਹਾ ਅਤੇ ਬਾਕੀ ਆਪ ਹੜੱਪ ਕਰਦਾ ਰਿਹਾ। ਹਰਦੇਵ ਲਾਲ ਨੇ ਬਡੁੰਗਰ ਵਿਚ ਲਏ ਇਕ ਮਕਾਨ ਦੀ ਰਜਿਸਟਰੀ ਕਰਵਾਉਣੀ ਸੀ ਅਤੇ ਇਸ ਲਈ ਉਹ ਆਪਣੀ ਪਤਨੀ ਮਾਇਆ ਦੇਵੀ ਦੀ ਰਿਟਾਇਰਮੈਂਟ ਦੇ ਕਰੀਬ 14 ਲੱਖ ਰੁਪਏ ਦਾ ਹਿਸਾਬ ਆਸ਼ੀਸ਼ ਚੌਹਾਨ ਤੋਂ ਮੰਗਦਾ ਸੀ, ਜਿਸ ਦਾ ਆਸ਼ੀਸ਼ ਚੌਹਾਨ ਹਿਸਾਬ ਨਹੀਂ ਦੇ ਰਿਹਾ।
ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਸ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਆਸ਼ੀਸ਼ ਚੌਹਾਨ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਡੂੰਘਾਈ ਨਾਲ ਪੁਛਗਿੱਛ ਕੀਤੀ। ਪੁਲਸ ਮੁਤਾਬਕ ਆਸ਼ੀਸ਼ ਨੇ ਮੰਨਿਆ ਕਿ 31 ਦਸੰਬਰ ਨੂੰ ਉਸ ਨੇ ਹਰਦੇਵ ਲਾਲ ਦੇ ਸਿਰ ਵਿਚ ਪੱਥਰ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਹਰਦੇਵ ਨੂੰ ਜਿਊਂਦੇ ਹੀ ਸਕੂਟਰੀ ਸਮੇਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਡੀ. ਐੱਸ. ਪੀ. ਸ਼ਰਮਾ ਮੁਤਾਬਕ ਆਸ਼ੀਸ਼ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਉਸਦੀ ਨਿਸ਼ਾਨ ਦੇਹੀ 'ਤੇ ਹਰਦੇਵ ਲਾਲ ਦੇ ਸਿਰ ਵਿਚ ਮਾਰਿਆ ਪੱਥਰ, ਮਾਇਆ ਦੇਵੀ ਅਤੇ ਹਰਦੇਵ ਲਾਲ ਬੈਂਕ ਦੀਆਂ ਪਾਸ ਬੁੱਕਾਂ ਅਤੇ ਖੂਨ ਲੱਗੀ ਕੋਟੀ ਬਰਾਮਦ ਕਰ ਲਈ ਗਈ ਅਤੇ ਸਕੂਟਰੀ ਦੀ ਭਾਲ ਅਜੇ ਜਾਰੀ ਹੈ।
ਪੁੱਤ ਤੋਂ ਵੱਧ ਭਰੋਸਾ ਕਰਦੇ ਸੀ ਹਰਦੇਵ
ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਹਰਦੇਵ ਲਾਲ ਆਪਣੇ ਇਕਲੌਤੇ ਪੁੱਤਰ ਰਕੇਸ਼ ਕੁਮਾਰ ਤੋਂ ਜ਼ਿਆਦਾ ਵਿਸ਼ਵਾਸ਼ ਆਸ਼ੀਸ਼ 'ਤੇ ਕਰਦਾ ਸੀ। ਇਹੀ ਕਾਰਨ ਸੀ ਕਿ ਆਪਣੇ ਬੈਂਕ ਅਕਾਊਂਟ 'ਚੋਂ ਪੈਸੇ ਉਸ ਦੇ ਬੈਂਕ 'ਚ ਟਰਾਂਸਫਰ ਕਰਵਾ ਦਿੰਦਾ ਸੀ ਅਤੇ ਉਸੇ ਆਸ਼ੀਸ਼ ਚੌਹਾਨ ਨੇ ਹਰਦੇਵ ਲਾਲ ਦਾ ਕਤਲ ਕਰ ਦਿੱਤਾ।

Gurminder Singh

This news is Content Editor Gurminder Singh