ਦੋ ਬੱਚਿਆਂ ਦੀ ਮਾਂ ਦਾ ਕਾਰਾ ਪਤੀ ਨੂੰ ਕਤਲ ਕਰਕੇ ਆਸ਼ਕ ਨਾਲ ਹੋਈ ਫਰਾਰ

07/22/2019 7:01:09 PM

ਤਰਨਤਾਰਨ (ਰਮਨ,ਰਾਜੂ) : ਇੱਸ਼ਕ ਵਿਚ ਅੰਨ੍ਹੀ ਦੋ ਬੱਚਿਆਂ ਦੀ ਮਾਂ ਵੱਲੋ ਆਪਣੇ ਪਤੀ ਨੂੰ ਖਾਣੇ 'ਚ ਜ਼ਹਿਰ ਦੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਪਾਰਟੀ ਵੱਲੋ ਦੋਸ਼ੀ ਪਤਨੀ ਅਤੇ ਉਸ ਦੇ ਆਸ਼ਕ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨਸਾਰ ਰਾਜਪ੍ਰੀਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਪਲਾਸੌਰ ਦਾ ਵਿਆਹ ਕਰੀਬ 12 ਸਾਲ ਪਹਿਲਾਂ ਸਿਮਰਨ ਉਰਫ ਬੱਬੂ ਪੁੱਤਰੀ ਸੁਲੱਖਣ ਸਿੰਘ ਵਾਸੀ ਚਾਟੀਵਿੰਡ ਅੰਮ੍ਰਿਤਸਰ ਨਾਲ ਹੋਇਆ ਸੀ। ਰਾਜਪ੍ਰੀਤ ਸਿੰਘ ਦੇ ਦੋ ਬੱਚੇ ਲੜਕਾ ਮਨਮੀਤ ਸਿੰਘ (9) ਅਤੇ ਲੜਕੀ ਨਵਨੀਤ ਕੌਰ (11) ਪਿੰਡ ਦੇ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ। 

ਸਿਮਰਨ ਕੌਰ ਦਾ ਪਿੰਡ ਦੇ ਹੀ ਵਿਅਕਤੀ ਲਵਪ੍ਰੀਤ ਸਿੰਘ ਉਰਫ ਲਵਲੀ ਨਾਲ ਨਜਾਇਜ਼ ਸਬੰਧ ਸਨ, ਜਿਸ ਕਾਰਨ ਰਾਜਪ੍ਰੀਤ ਸਿੰਘ ਦਾ ਸਿਮਰਨ ਕੌਰ ਨਾਲ ਅਕਸਰ ਝਗੜਾ ਰਹਿੰਦਾ ਸੀ।ਇਸ ਝਗੜੇ ਨੂੰ ਰੋਕਣ ਸਬੰਧੀ ਕਈ ਵਾਰ ਸਿਮਰਨ ਕੌਰ ਨੂੰ ਸਹੁਰੇ ਪਰਿਵਾਰ ਵੱਲੋਂ ਸਮਝਾਇਆ ਗਿਆ ਕਿ ਉਹ ਲਵਪ੍ਰੀਤ ਸਿੰਘ ਦਾ ਖਹਿੜਾ ਛੱਡ ਦੇਵੇ। ਬੀਤੀ 16 ਜੁਲਾਈ ਦੀ ਰਾਤ ਨੂੰ ਸਿਮਰਨ ਕੌਰ ਨੇ ਰਾਤ ਸਮੇਂ ਆਪਣੇ ਪਤੀ ਰਾਜਪ੍ਰੀਤ ਸਿੰਘ ਦੇ ਖਾਣੇ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਖੁਆ ਦਿੱਤੀ। ਇਸ ਤੋਂ ਬਾਅਦ ਸਿਮਰਨ ਕੌਰ ਲਵਪ੍ਰੀਤ ਸਿੰਘ ਨਾਲ ਦੇਰ ਰਾਤ ਕਰੀਬ 1.30 ਵਜੇ ਫਰਾਰ ਹੋ ਗਈ। ਇਸ ਦੌਰਾਨ ਸਿਮਰਨ ਕੌਰ ਆਪਣੇ ਬੱਚਿਆਂ ਨੂੰ ਵੀ ਉਸੇ ਰਾਤ ਚਾਟੀਵਿੰਡ ਵਿਖੇ ਨਾਨਕੇ ਪਿੰਡ ਛੱਡ ਗਈ ਜਿਨ੍ਹਾਂ ਨੂੰ ਉਨ੍ਹਾਂ ਦਾ ਨਾਨਾਂ ਅਗਲੇ ਦਿਨ ਪਿੰਡ ਪਲਾਸੌਰ ਛੱਡ ਗਿਆ। ਬੱਚਿਆਂ ਨੇ ਜਦੋਂ ਸਾਰੀ ਘਟਨਾ ਬਾਰੇ ਆਪਣੇ ਦਾਦਾ ਅਤੇ ਹੋਰਾਂ ਨੂੰ ਪਿੰਡ ਜਾ ਕੇ ਦੱਸਿਆ, ਜਿਸ ਤੋਂ ਬਾਅਦ ਆਂਢ ਗੁਆਢ ਨੇ ਰਾਜਪ੍ਰੀਤ ਸਿੰਘ ਦੇ ਕਮਰੇ ਵਿਚ ਵੇਖਿਆ ਤਾਂ ਉਸ ਦੇ ਮੂੰਹ ਵਿਚੋਂ ਚੱਗ ਨਿਕਲ ਰਹੀ ਸੀ ਅਤੇ ਉਸ ਦੇ ਗਲੇ ਵਿਚ ਰਸੀ ਨਾਲ ਫਾਹਾ ਦਿੱਤਾ ਹੋਇਆ ਸੀ।

ਇਸ ਦੌਰਾਨ ਗੰਭੀਰ ਹਾਲਤ ਵਿਚ ਰਾਜਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਚੰਦਰ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਘਬੀਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਬਿਆਨਾਂ ਹੇਠ ਦੋਸ਼ੀ ਸਿਮਰਨ ਕੌਰ ਉਰਫ ਬੱਬੂ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਛਿੰਦਰ ਸਿੰਘ ਵਾਸੀ ਪਲਾਸੌਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Gurminder Singh

This news is Content Editor Gurminder Singh