ਮਲੇਰਕੋਟਲਾ ਕਤਲ ਕਾਂਡ ਦੇ ਤਿੰਨ ਮੁਲਜ਼ਮਾਂ ਨੂੰ ਕੁਝ ਘੰਟਿਆਂ ''ਚ ਹੀ ਕੀਤਾ ਗ੍ਰਿਫਤਾਰ

05/26/2020 5:47:24 PM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਲੰਘੀ ਕੱਲ ਈਦ ਮੌਕੇ ਤਿੰਨ ਨੌਜਵਾਨਾਂ ਵੱਲੋਂ ਜਮਾਲਪੁਰਾ ਦੀ ਰਮਜ਼ਾਨ ਬਸਤੀ ਦੇ ਵਸਨੀਕ ਸ਼ਮਸਾਦ ਉਰਫ ਪੈਂਟਰੋ ਦੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਤਲ ਦੇ ਮਾਮਲੇ ਨੂੰ ਮਲੇਰਕੋਟਲਾ ਪੁਲਸ ਨੇ ਬੜੀ ਮੁਸ਼ਤੈਦੀ ਨਾਲ ਸੁਲਝਾਅ ਲਿਆ ਹੈ। ਪੁਲਸ ਨੇ ਤਿੰਨੋਂ ਦੋਸ਼ੀਆਂ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ। ਮਲੇਰਕੋਟਲਾ ਪੁਲਸ ਦੇ ਕਪਤਾਨ ਮਨਜੀਤ ਸਿੰਘ ਬਰਾੜ ਨੇ ਅੱਜ ਦੁਪਹਿਰ 2 ਵਜੇ ਡੀ. ਐੱਸ. ਪੀ. ਮਲੇਰਕੋਟਲਾ ਸੁਮਿਤ ਸੂਦ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਮ੍ਰਿਤਕ ਮੁਹੰਮਦ ਸ਼ਮਸਾਦ ਉਰਫ ਪੈਂਟਰੋ ਪੁੱਤਰ ਮੁਹੰਮਦ ਬੂਟਾ ਵਾਸੀ ਰਮਜ਼ਾਨ ਬਸਤੀ ਜਮਾਪੁਰਾ ਅਤੇ ਮੁਹੰਮਦ ਅਸਲਮ ਉਰਫ ਦਾਨੀ ਪੁੱਤਰ ਮੁਹੰਮਦ ਜਮੀਲ ਵਾਸੀ ਟਿੱਬਿਆਂ ਵਾਲਾ ਕੱਚਾ ਦਰਬਾਜ਼ਾ ਜਮਾਲਪੁਰਾ ਦੋਵੇਂ ਆਪਣੇ ਦੋਸਤ ਅਸਰਫ ਉਰਫ ਸੋਨੀ ਪਹਿਲਵਾਨ ਪੁੱਤਰ ਅਬਦੁੱਲ ਗਫੂਰ ਵਾਸੀ ਰਤਨ ਕਾਲੋਨੀ ਜਮਾਲਪੁਰਾ ਦੇ ਘਰ ਈਦ ਦੀ ਦਾਅਵਤ 'ਤੇ ਜਾ ਰਹੇ ਸਨ, ਜਦੋਂ ਉਹ ਦੋਵੇਂ ਪੱਕਾ ਦਰਬਾਜ਼ਾ ਮਸਜਿਦ ਕੋਲ ਪੁੱਜੇ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨਾਲ ਤਕਰਾਰਬਾਜ਼ੀ ਹੋ ਗਈ। ਤਿੰਨੋਂ ਨੌਜਵਾਨਾਂ ਦੀ ਪਛਾਣ ਸਹਿਬਾਜ਼ ਉਰਫ ਗੋਮਾ, ਅਬਦੁੱਲ ਰਹਿਮਾਨ ਪੁੱਤਰਾਨ ਅਬਦੁੱਲ ਸੱਤਾਰ ਉਰਫ ਮੋਟਾ ਸੱਤਾਰ ਵਾਸੀ ਪਿੰਡ ਹਥੋਆ ਰੋਡ ਮਾਲੇਰਕੋਟਲਾ ਅਤੇ ਸੁਹੇਲ ਉਰਫ ਮੱਛਰ ਪੁੱਤਰ ਅਖੱਤਰ ਵਾਸੀ ਮੁਹੱਲਾ ਘੁਮਿਆਰਾਂ ਵਾਲਾ ਜਮਾਲਪੁਰਾ ਵਜੋਂ ਹੋਈ ਹੈ।

ਜਿਸ ਦੌਰਾਨ ਸਹਿਬਾਜ਼ ਗੋਮੂ, ਰਹਿਮਾਨ ਅਤੇ ਸੁਹੇਲ ਨੇ ਆਪਣੇ ਨਾਲ ਲਿਆਂਦੇ ਤੇਜ਼ਧਾਰ ਹਥਿਆਰ ਨਾਲ ਸ਼ਮਸਾਦ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦ ਕਿ ਉਸਦੇ ਸਾਥੀ ਅਸਲਮ ਨੂੰ ਜ਼ਖਮੀ ਕਰ ਦਿੱਤਾ। ਇਹ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਉਪਰੰਤ ਤਿੰਨੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਐੱਸ. ਪੀ. ਬਰਾੜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮਾਮਲੇ ਦੀ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਡੀ. ਐੱਸ. ਪੀ. ਸੁਮਿਤ ਸੂਦ, ਥਾਣਾ ਸਿਟੀ-1 ਦੇ ਮੁੱਖੀ ਹਰਜਿੰਦਰ ਸਿੰਘ ਅਤੇ ਸਿਟੀ-2 ਦੇ ਮੁੱਖ ਅਫਸਰ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਨੇ ਵੱਖ-ਵੱਖ ਸਾਂਝੀਆਂ ਟੀਮਾਂ ਦਾ ਗਠਨ ਕੀਤਾ। ਜਿਨ੍ਹਾਂ ਨੇ ਪੂਰੀ ਮੁਸ਼ਤੈਦੀ ਅਤੇ ਵਿਉਂਤਬੰਦੀ ਨਾਲ ਕਾਰਵਾਈ ਕਰਦੇ ਹੋਏ ਉਕਤ ਤਿੰਨੇ ਦੋਸ਼ੀਆਂ ਨੂੰ 12 ਘੰਟੇ ਦੇ ਅੰਦਰ-ਅੰਦਰ ਵਾਰਦਾਤ 'ਚ ਵਰਤੇ ਗਏ ਹਥਿਆਰਾਂ ਅਤੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਲਿਆ। ਬਰਾੜ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।                  

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ 'ਚੋਂ ਇੱਕ ਨੇ ਇਸ ਘਟਨਾਂ 'ਤੇ ਪਛਤਾਵਾ ਹੁੰਦੇ ਹੋਏ ਕਿਹਾ ਕਿਸਾਡਾ ਪੈਸਿਆਂ ਦਾ ਲੈਣ ਦੇਣ ਤਾਂ ਕਿਸੇ ਹੋਰ ਵਿਆਕਤੀ ਨਾਲ ਸੀ ਜਦੋਂ ਕਿ ਮ੍ਰਿਤਕ ਸ਼ਮਸਾਦ ਬਿਨਾਂ ਕਿਸੇ ਕਾਰਨ ਤੋਂ ਗੱਲ ਵਿੱਚ ਬੋਲਦਾ ਸੀ ਅਤੇ ਜਿਥੇ ਵੀ ਸਾਨੂੰ ਮਿਲਦਾ ਸੀ ਸਾਡੇ ਥੱਪੜ ਮਾਰਦਾ ਸੀ। ਜਿਸ ਕਾਰਨ ਇਹ ਸੱਭ ਕੁਝ ਹੋ ਗਿਆ ਹੈ। ਦੋਸ਼ੀਆਂ ਦੇ ਇਸ ਬਿਆਨ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਸ ਜਾਂਚ ਦੌਰਾਨ ਜਾਂ ਅਦਾਲਤੀ ਕਾਰਵਾਈ ਦੌਰਾਨ ਹੀ ਖੁੱਲ੍ਹ ਕੇ ਸਾਹਮਣੇ ਆਵੇਗਾ।

Anuradha

This news is Content Editor Anuradha