ਚੰਦੂਮਾਜਰਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਮੁਨੀਸ਼ ਤਿਵਾੜੀ ਨੇ ਦਿੱਤਾ ਜਵਾਬ

04/27/2019 6:32:55 PM

ਹੁਸ਼ਿਆਰਪੁਰ (ਅਮਰੀਕ)— ਸ੍ਰੀ ਆਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੇ ਕਿਹਾ ਕਿ ਚੰਦੂਮਾਜਰਾ ਛੋਟੀ ਸੋਚ ਦੇ ਮਾਲਕ ਹਨ। ਇਸੇ ਕਰਕੇ ਅੱਜ ਤੱਕ ਹਲਕੇ ਦਾ ਵਿਕਾਸ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤਾਂ 5 ਕਰੋੜ ਰੁਪਏ 'ਚ ਹੀ ਖੂਸ਼ ਹੋ ਜਾਂਦੇ ਹਨ ਅਤੇ ਉਹ ਹਲਕੇ ਚਹੁੰਪੱਖੀ ਵਿਕਾਸ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਾਂਗ ਨਹੀਂ ਕਿ ਸਿਰਫ ਇਕ-ਇਕ ਲੱਖ ਰੁਪਇਆ ਪਿੰਡ ਨੂੰ ਦੇ ਦੇਈਏ, ਉਨ੍ਹਾਂ ਨੇ ਤਾਂ ਉਹ ਵੀ ਨਹੀਂ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਕ ਲੱਖ ਨਾਲ ਤਾਂ ਦਾੜ ਵੀ ਗਿੱਲੀ ਨਹੀਂ ਹੁੰਦੀ ਤਾਂ ਹਲਕੇ ਦਾ ਵਿਕਾਸ ਕਿੱਥੋਂ ਹੋਵੇਗਾ। ਦੱਸ ਦੇਈਏ ਕਿ ਮੁਨੀਸ਼ ਤਿਵਾੜੀ ਇਥੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ।

ਆਪਣੇ ਵੱਲੋਂ ਦਿੱਤੇ ਗਏ 50 ਹਜ਼ਾਰ ਕਰੋੜ ਰੁਪਏ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਹਲਕੇ ਦਾ ਵਿਕਾਸ ਕਰਨ ਦੇ ਬਿਆਨ 'ਤੇ ਚੁੱਪੀ ਤੋੜਦੇ ਮੁਨੀਸ਼ ਤਿਵਾੜੀ ਨੇ ਕਿਹਾ ਕਿ ਸੋਚ-ਸੋਚ ਦਾ ਫਰਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ 50 ਹਜ਼ਾਰ ਕਰੋੜ ਦੀ ਗੱਲ ਕਰਦੇ ਹਾਂ ਤਾਂ ਅਸੀਂ ਹਲਕੇ 'ਚ ਅੰਡਰਬ੍ਰਿਜ ਬਣਾਉਣ, ਫਲਾਈਓਵਰ ਬਣਾਉਣ, ਵੱਡੇ-ਵੱਡੇ ਕਾਰਖਾਨੇ, ਯੂਨੀਵਰਸਿਟੀ ਬਣਾਉਣ ਦੇ ਨਾਲ-ਨਾਲ ਪੂਰੇ ਹਲਕੇ ਦੇ ਚਹੁੰਪੱਖੀ ਵਿਕਾਸ ਦੀ ਗੱਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤਾਂ ਪਹਿਲਾਂ ਹੀ ਚਾਰ ਹਿੱਸਿਆਂ 'ਚ ਵੰਡਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਪੰਜਾਬ 'ਚ ਖੇਰੂੰ-ਖੇਰੂੰ ਹੋ ਚੁੱਕੀ ਹੈ। ਇਸੇ ਕਰਕੇ ਲੋਕ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਥੋਂ ਜਿੱਤ ਕੇ ਜਾਵਾਂਗੇ। 

ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਮੁਨੀਸ਼ ਤਿਵਾੜੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਸ੍ਰੀ ਆਨੰਦਪੁਰ ਸਾਹਿਬ ਲਈ 50 ਹਜ਼ਾਰ ਕਰੋੜ ਰੁਪਏ ਦਾ ਵਿਕਾਸ ਕਰਵਾਉਣਗੇ। ਇਸ ਦਿੱਤੇ ਬਿਆਨ ਦੇ 'ਤੇ ਵੱਖ-ਵੱਖ ਪਾਰਟੀਆਂ ਵੱਲੋਂ ਮਨੀਸ਼ ਤਿਵਾੜੀ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਏ ਗਏ ਸਨ। ਅਕਾਲੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਦਾ ਕਹਿਣਾ ਸੀ ਕਿ ਲੋਕਸਭਾ ਹਲਕੇ ਦੇ 'ਚ 5 ਸਾਲਾਂ 'ਚ 25 ਕਰੋੜ ਰੁਪਏ ਮਨਜੂਰ ਹੋਣ ਦੀ ਗੱਲ ਕਹੀ ਗਈ ਸੀ ਅਤੇ ਮਨੀਸ਼ ਤਿਵਾੜੀ ਦੇ ਦਿੱਤੇ ਬਿਆਨ 'ਤੇ ਸਵਾਲਿਆ ਚਿੰਨ੍ਹ ਲਗਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵਿਕਾਸ ਦੇ ਨਾਂ 'ਤੇ ਮੁਨੀਸ਼ ਤਿਵਾੜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

shivani attri

This news is Content Editor shivani attri