ਚੋਣ ਜ਼ਾਬਤਾ ਲਾਗੂ ਕਰਵਾਉਣ ਲਈ ਪੁਲਸ ਨੇ ਕੱਸੀ ਕਮਰ

Thursday, Dec 07, 2017 - 04:04 PM (IST)

ਜਲੰਧਰ (ਪ੍ਰੀਤ)—ਨਗਰ ਨਿਗਮ ਚੋਣਾਂ ਵਿਚ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕਰਵਾਉਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਕਮਿਸ਼ਨਰੇਟ ਪੁਲਸ ਨੇ ਕਮਰ ਕੱਸ ਲਈ ਹੈ। ਕਮਿਸ਼ਨਰੇਟ ਪੁਲਸ ਫੋਰਸ ਤੋਂ ਇਲਾਵਾ ਕਰੀਬ 650 ਪੁਲਸ ਕਰਮਚਾਰੀਆਂ ਦੀ ਟੀਮ ਕਮਿਸ਼ਨਰੇਟ ਜਲੰਧਰ ਵਿਚ ਤਾਇਨਾਤ ਕੀਤੀ ਗਈ ਹੈ। ਨਾਲ ਹੀ ਚੋਣਾਂ ਤੱਕ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਬੰਦ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 17 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਹਨ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਵਿਰੋਧੀਆਂ ਨਾਲ ਤਲਖੀ ਦਾ ਮਾਹੌਲ ਬਣ ਚੁੱਕਾ ਹੈ। ਅਜਿਹੇ ਹਾਲਾਤ ਵਿਚ ਕਿਸੇ ਤਰ੍ਹਾਂ ਦੇ ਵਿਵਾਦ ਨੂੰ ਰੋਕਣ ਅਤੇ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕਰਵਾਉਣ ਲਈ ਕਮਿਸ਼ਨਰੇਟ ਪੁਲਸ ਨੇ ਹੋਮਵਰਕ ਕਰ ਲਿਆ ਹੈ। 
ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਕਮਿਸ਼ਨਰੇਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤੀ ਤੇ ਚੌਕਸੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਜੀ. ਓ. ਅਤੇ ਐੱਸ. ਐੱਚ. ਓਜ਼ ਨੂੰ ਕਿਸੇ ਤਰ੍ਹਾਂ ਦੀ ਸੂਚਨਾ 'ਤੇ ਤੁਰੰਤ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਤਾ ਲੱਗਾ ਹੈ ਕਿ ਕਮਿਸ਼ਨਰੇਟ ਵਿਚ ਤਾਇਨਾਤ ਪੁਲਸ ਫੋਰਸ ਤੋਂ ਇਲਾਵਾ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੀ. ਏ. ਪੀ. ਫਿਲੌਰ, ਪੀ. ਆਰ. ਟੀ. ਸੀ. ਜਹਾਨ ਖੇਲਾਂ ਤੇ ਪੀ. ਏ. ਪੀ. ਤੋਂ ਕਮਿਸ਼ਨਰੇਟ ਜਲੰਧਰ ਵਿਚ ਕਰੀਬ 650 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਚੋਣ ਡਿਊਟੀ ਲਈ ਕਮਿਸ਼ਨਰੇਟ ਦੇ ਦਫਤਰੀ ਸਟਾਫ, ਵੂਮੈਨ ਸੈੱਲ, ਆਰਥਿਕ ਅਪਰਾਧ ਸ਼ਾਖਾ ਦੇ ਕਰਮਚਾਰੀਆਂ ਦੀ ਵੀ ਫੀਲਡ ਵਿਚ ਤਾਇਨਾਤੀ ਕੀਤੀ ਗਈ ਹੈ।
ਬੁੱਧਵਾਰ ਸਵੇਰੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਦੇ ਨਿਰਦੇਸ਼ਾਂ 'ਤੇ ਸਪੈਸ਼ਲ ਤੌਰ 'ਤੇ ਮੰਗਵਾਈ ਗਈ ਫੋਰਸ ਨੂੰ ਕਮਿਸ਼ਨਰੇਟ ਦੇ ਸਾਰੇ 14 ਥਾਣਿਆਂ ਵਿਚ ਤਾਇਨਾਤ ਕੀਤਾ ਗਿਆ। ਇਕ ਥਾਣੇ ਵਿਚ ਕਰੀਬ 30 ਕਰਮਚਾਰੀ ਡਿਊਟੀ ਲਈ ਭੇਜੇ ਗਏ ਹਨ। ਕਮਿਸ਼ਨਰੇਟ ਅਧਿਕਾਰੀਆਂ ਮੁਤਾਬਕ ਵਧੀਕ ਪੁਲਸ ਫੋਰਸ ਅਧਿਕਾਰੀਆਂ ਅਤੇ ਐੱਸ. ਐੱਚ. ਓ. ਦੇ ਨਿਰਦੇਸ਼ਾਂ ਮੁਤਾਬਕ ਦੱਸੀਆਂ ਗਈਆਂ ਥਾਵਾਂ 'ਤੇ ਡਿਊਟੀ ਕਰਨਗੇ। ਇਸ ਤੋਂ ਇਲਾਵਾ ਪੁਲਸ ਲਾਈਨ ਵਿਚ ਰਿਜ਼ਰਵ ਟੀਮਾਂ ਵੀ ਤਾਇਨਾਤ ਰਹਿਣਗੀਆਂ। ਉਕਤ ਰਿਜ਼ਰਵ ਟੀਮ ਦੇ ਨਾਲ ਫਲੈਗ ਮਾਰਚ, ਨਾਕਾਬੰਦੀ, ਸਰਚ ਆਪਰੇਸ਼ਨ ਆਦਿ ਕਰਵਾਉਣਗੇ। ਫੀਲਡ ਵਿਚ ਡਿਊਟੀ ਲਈ ਰਿਜ਼ਰਵ ਫੋਰਸ ਤਾਇਨਾਤ ਹੋਵੇਗੀ ਤਾਂ ਜੋ ਥਾਣਿਆਂ ਦੇ ਰੁਟੀਨ ਕੰਮਕਾਜ ਪ੍ਰਭਾਵਿਤ ਨਾ ਹੋਣ ਅਤੇ ਚੋਣਾਂ ਵੀ ਸ਼ਾਂਤਮਈ ਢੰਗ ਨਾਲ ਹੋਣ।


Related News