ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰ. 2 ਤੇ ਸੁਲਤਾਨਪੁਰ ਲੋਧੀ ਦੇ ਵਾਰਡ ਨੰ. 9 ਦੀ ਉੱਪ ਚੋਣ 24 ਨੂੰ

02/10/2018 6:00:01 PM

ਕਪੂਰਥਲਾ (ਮਲਹੋਤਰਾ, ਗੁਰਵਿੰਦਰ ਕੌਰ)— ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰਬਰ 2 ਅਤੇ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 9 ਦੀਆਂ ਖਾਲੀ ਸੀਟਾਂ ਲਈ ਉੱਪ ਚੋਣ 24 ਫਰਵਰੀ ਨੂੰ ਹੋਵੇਗੀ। 
ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ 13 ਫਰਵਰੀ ਤਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ ਅਤੇ 15 ਫਰਵਰੀ 2018 ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। 16 ਫਰਵਰੀ 2018 ਨੂੰ ਕਾਗਜ਼ ਵਾਪਸ ਲਏ ਜਾ ਸਕਣਗੇ ਅਤੇ 24 ਫਰਵਰੀ 2018 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। 
ਉਨ੍ਹਾਂ ਨੇ ਦੱਸਿਆ ਕਿ 10 ਫਰਵਰੀ (ਦੂਜੇ ਸਨਿਚਵਾਰ) ਅਤੇ 11 ਫਰਵਰੀ (ਐਤਵਾਰ) ਨੂੰ ਛੁੱਟੀ ਕਾਰਨ ਨਾਮਜ਼ਦਗੀਆਂ ਦਾਖਲ ਨਹੀਂ ਹੋਣਗੀਆਂ। ਕਪੂਰਥਲਾ ਦੇ ਵਾਰਡ ਨੰਬਰ 2 ਦੀ ਉੱਪ ਚੋਣ ਸਬੰਧੀ ਸ਼ੁੱਕਰਵਾਰ ਰਿਟਰਨਿੰਗ ਅਫਸਰ-ਕਮ-ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਲਈ ਫਾਰਮ ਐੱਸ. ਡੀ. ਐੱਮ. ਦਫਤਰ ਕਪੂਰਥਲਾ ਜਾਂ ਨਗਰ ਕੌਂਸਲ ਦਫਤਰ ਕਪੂਰਥਲਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।