ਗਾਂਧੀ ਨਗਰ ਅਤੇ ਲਾਹੌਰੀ ਗੇਟ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

07/05/2017 12:43:16 AM

ਪਟਿਆਲਾ(ਨੀਲਮ)-ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਨ ਵਾਲੇ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਫਸਰ ਅਕਸਰ ਲੋਕਾਂ ਦੀਆਂ ਮੁਸ਼ਕਲਾਂ ਤੋਂ ਅਵੇਸਲੇ ਹੁੰਦੇ ਦੇਖੇ ਗਏ ਹਨ। ਸਰਕਾਰ ਭਾਵੇਂ ਕੋਈ ਵੀ ਆ ਜਾਵੇ, ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 23 ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ।
ਕੀ ਹੈ ਮਾਮਲਾ?
ਦਰਅਸਲ ਉਕਤ ਵਾਰਡ ਵਿਚ ਪੈਂਦੇ ਗਾਂਧੀ ਨਗਰ ਅਤੇ ਲਾਹੌਰੀ ਗੇਟ ਵਾਸੀ ਲਗਾਤਾਰ ਪਿਛਲੇ 2-3 ਸਾਲਾਂ ਤੋਂ ਗੰਦੇ ਪਾਣੀ ਦੀ ਸਪਲਾਈ ਤੋਂ ਬਹੁਤ ਪ੍ਰੇਸ਼ਾਨ ਹਨ। ਇਲਾਕੇ ਵਿਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਸੀਵਰੇਜ ਦੇ ਕੁਨੈਕਸ਼ਨਾਂ ਨਾਲ ਹੀ ਇੱਕ-ਦੂਜੇ ਦੇ ਨਾਲ ਜੋੜ ਕੇ ਪਾਈਆਂ ਹੋਇਆਂ ਹਨ। ਇਹ ਪਾਈਪਾਂ ਬਹੁਤ ਪੁਰਾਣੀਆਂ ਹੋਣ ਕਰ ਕੇ ਅੰਦਰੋਂ ਟੁੱਟੀਆਂ ਪਈਆਂ ਹਨ। ਇਨ੍ਹਾਂ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਚ ਚਲਾ ਜਾਂਦਾ ਹੈ। ਇਸ ਬਾਰੇ ਬੀਤੇ ਸਮੇਂ ਦੌਰਾਨ ਨਗਰ ਨਿਗਮ ਅਤੇ ਡੀ. ਸੀ. ਕੁਮਾਰ ਅਮਿਤ ਨੂੰ ਮੁਹੱਲਾ ਵਾਸੀ ਮਿਲ ਕੇ ਲਿਖਤੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ। ਨਿਗਮ ਅਧਿਕਾਰੀ ਆਉਂਦੇ ਹਨ ਤੇ ਪਾਣੀ ਦੇ ਸੈਂਪਲ ਲੈ ਕੇ 'ਕੁਝ ਕਰਦੇ ਹਾਂ' ਕਹਿ ਕੇ ਚਲੇ ਜਾਂਦੇ ਹਨ। ਬਾਵਜੂਦ ਇਸ ਦੇ ਕੋਈ ਕਾਰਵਾਈ ਨਹੀਂ ਹੋਈ। ਲੋਕ ਮਜਬੂਰੀ-ਵੱਸ ਜੀਵਨ ਬਤੀਤ ਕਰ ਰਹੇ ਹਨ। ਮੁਹੱਲਾ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇੰਨੇ ਸਾਲਾਂ ਤੋਂ ਆ ਰਹੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।