ਚੋਣ ''ਖਿਚੜੀ'' ''ਚ ਬਗਾਵਤ ਤੇ ਮੌਕਾਪ੍ਰਸਤੀ ਦਾ ''ਤੜਕਾ''

12/08/2017 10:21:51 AM

ਅੰਮ੍ਰਿਤਸਰ (ਮਮਤਾ) - ਨਗਰ ਨਿਗਮ ਚੋਣਾਂ 'ਚ ਇਸ ਵਾਰ ਕਾਂਗਰਸ ਨੂੰ ਵੱਡੇ ਪੱਧਰ 'ਤੇ ਬਾਗੀਆਂ ਵੱਲੋਂ ਚੁਣੌਤੀ ਮਿਲਣ ਵਾਲੀ ਹੈ, ਜਿਸ ਤਹਿਤ ਵੱਖ-ਵੱਖ ਵਾਰਡਾਂ ਵਿਚ ਇਕ ਦਰਜਨ ਤੋਂ ਵੱਧ ਸੀਟਾਂ 'ਤੇ ਬਾਗੀ ਉਮੀਦਵਾਰ ਆਜ਼ਾਦ ਖੜ੍ਹੇ ਹੋ ਕੇ ਆਪਣੀ ਹੀ ਪਾਰਟੀ ਦੇ ਰਸਤੇ ਵਿਚ ਕੰਢੇ ਵਿਛਾਉਣ ਨੂੰ ਮਜਬੂਰ ਹਨ, ਜਿਸ ਨਾਲ ਨਗਰ ਨਿਗਮ ਚੋਣਾਂ ਦਾ ਹਿਸਾਬ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਚਾਹੇ ਅੰਮ੍ਰਿਤਸਰ ਦੇ ਸਾਰੇ ਹਲਕਿਆਂ ਵਿਚ 85 ਵਾਰਡਾਂ 'ਤੇ ਕਾਂਗਰਸ ਵੱਲੋਂ ਦਮਦਾਰ ਉਮੀਦਵਾਰ ਖੜ੍ਹੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਪੂਰਬੀ ਅਤੇ ਡਾ. ਰਾਜ ਕੁਮਾਰ ਵੇਰਕਾ ਦੇ ਹਲਕੇ ਪੱਛਮ ਵਾਲਾ ਦੇ ਵਾਰਡਾਂ ਵਿਚ ਸਭ ਤੋਂ ਵੱਧ ਬਗਾਵਤ ਦੇਖਣ ਨੂੰ ਮਿਲ ਰਹੀ ਹੈ।
ਹਲਕਾ ਦੱਖਣੀ 'ਚ 2 ਸੀਟਾਂ 'ਤੇ ਇਕ ਉਮੀਦਵਾਰ ਵੱਲੋਂ ਬਗਾਵਤ
ਇਸੇ ਤਰ੍ਹਾਂ ਹਲਕਾ ਦੱਖਣੀ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਬਿੱਲਾ ਨੇ ਵਾਰਡ ਨੰ. 36 ਅਤੇ 42 ਵਿਚ ਟਿਕਟ ਨਾ ਮਿਲਣ 'ਤੇ ਬਾਗੀ ਤੇਵਰ ਦਿਖਾਏ ਹਨ। ਵਾਰਡ ਨੰ. 36 ਵਿਚ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਨਿਜ਼ਾਮਪੁਰੀ ਖਿਲਾਫ ਆਪਣੀ ਪਤਨੀ ਨੀਲਮ ਕੌਰ ਨੂੰ ਆਜ਼ਾਦ ਖੜ੍ਹਾ ਕਰ ਕੇ ਅਤੇ ਆਪ ਵਾਰਡ ਨੰ. 42 ਤੋਂ ਮੋਹਨ ਸਿੰਘ ਮਾੜੀਮੇਘਾ ਖਿਲਾਫ ਆਜ਼ਾਦ ਨਾਮਜ਼ਦਗੀ ਪੱਤਰ ਭਰੇ ਹਨ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ 35 ਅਤੇ 50 ਦੇ ਅਨੁਪਾਤ 'ਚ ਟਿਕਟਾਂ ਦਾ ਬਟਵਾਰਾ ਕੀਤਾ ਗਿਆ ਹੈ। ਚਾਹੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਇਨ੍ਹਾਂ ਸੀਟਾਂ 'ਤੇ ਵੀ ਉਮੀਦਵਾਰ ਖੜ੍ਹੇ ਕਰਨ ਵਿਚ ਕਾਫ਼ੀ ਮੁਸ਼ਕਲ ਆ ਰਹੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਜ਼ਿਆਦਾਤਰ ਸਾਬਕਾ ਕੌਂਸਲਰਾਂ ਨੂੰ ਹੀ ਮੌਕਾ ਦੇਣ ਨੂੰ ਤਰਜੀਹ ਦਿੱਤੀ ਹੈ। ਚਾਹੇ ਅਕਾਲੀ-ਭਾਜਪਾ 'ਚ ਆਪਸ ਵਿਚ ਸੀਟਾਂ ਨੂੰ ਲੈ ਕੇ ਕੋਈ ਵਿਰੋਧ ਨਹੀਂ ਹੈ ਪਰ ਇਸ ਦੇ ਬਾਵਜੂਦ 2 ਸੀਟਾਂ 'ਤੇ ਅਕਾਲੀ-ਭਾਜਪਾ ਉਮੀਦਵਾਰਾਂ 'ਚ ਆਹਮੋ-ਸਾਹਮਣੇ ਆਉਣ 'ਤੇ ਬਾਗੀ ਸੁਰ ਦੇਖਣ ਨੂੰ ਮਿਲੇ। ਇਨ੍ਹਾਂ ਵਿਚ ਹਲਕਾ ਪੱਛਮੀ ਦੇ ਵਾਰਡ ਨੰ. 54 ਤੋਂ ਭਾਜਪਾ ਵੱਲੋਂ ਅਸ਼ੋਕ ਕੁਮਾਰ ਨੂੰ ਉਮੀਦਵਾਰ ਬਣਾਏ ਜਾਣ 'ਤੇ ਉਥੋਂ ਸ਼੍ਰੋਅਦ ਦੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੌਲੀ ਨੇ ਆਜ਼ਾਦ ਨਾਮਜ਼ਦਗੀ ਪੱਤਰ ਭਰ ਕੇ ਭਾਜਪਾ ਨੂੰ ਚੁਣੌਤੀ ਦਿੱਤੀ, ਜਦੋਂ ਕਿ ਹਲਕਾ ਸੈਂਟਰਲ ਤੋਂ ਵਾਰਡ ਨੰ. 70 ਤੋਂ ਭਾਜਪਾ ਉਮੀਦਵਾਰ ਹੀਰਾ ਲਾਲ ਦਿਗਪਾਲ ਨੂੰ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਪੰਮਾ ਨੇ ਪਾਰਟੀ ਚਿੰਨ੍ਹ 'ਤੇ ਨਾਮਜ਼ਦਗੀ ਪੱਤਰ ਭਰ ਕੇ ਚੁਣੌਤੀ ਦੇ ਦਿੱਤੀ। ਚਾਹੇ ਇਸ 'ਤੇ ਭਾਜਪਾ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਇਨ੍ਹਾਂ ਉਮੀਦਵਾਰਾਂ ਨਾਲ ਬੈਠ ਕੇ ਮਾਮਲਾ ਸੁਲਝਾਉਣ ਦਾ ਦਾਅਵਾ ਕਰ ਰਹੇ ਹਨ ਪਰ ਦੇਰ ਸ਼ਾਮ ਤੱਕ ਵੀ ਇਸ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ।
ਆਮ ਆਦਮੀ ਪਾਰਟੀ 'ਚ ਬਗਾਵਤੀ ਨਹੀਂ 
ਆਮ ਆਦਮੀ ਪਾਰਟੀ ਵੱਲੋਂ 85 ਵਾਰਡਾਂ ਤੋਂ ਚੋਣ ਲੜਨ ਦਾ ਦਾਅਵਾ ਕਰਨ ਦੇ ਬਾਵਜੂਦ ਅੱਜ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਜ਼ਿਲਾ ਪ੍ਰਸ਼ਾਸਨ 'ਤੇ 'ਆਪ' ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ 6 ਦਸੰਬਰ ਨੂੰ ਨਿਰਧਾਰਤ ਸਮੇਂ ਤੋਂ 5 ਮਿੰਟ ਦੀ ਦੇਰੀ ਹੋਣ 'ਤੇ ਨਾ ਲੈਣ ਦਾ ਦੋਸ਼ ਲਾਉਂਦੇ ਹੋਏ ਇਸ ਨੂੰ ਜ਼ਿਲਾ ਪ੍ਰਸ਼ਾਸਨ ਦਾ ਧੱਕਾ ਕਰਾਰ ਦਿੱਤਾ। ਉਨ੍ਹਾਂ ਇਸ ਸਬੰਧੀ ਆਰ. ਟੀ. ਏ. ਸਕੱਤਰ ਕੰਵਲਜੀਤ ਸਿੰਘ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਦੇ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ 3 ਵਜੇ ਤੋਂ ਬਾਅਦ 5 ਜਾਂ 10 ਮਿੰਟ ਦੀ ਦੇਰੀ 'ਤੇ ਵੀ ਨਹੀਂ ਲਏ ਗਏ, ਜਦੋਂ ਕਿ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਾਢੇ 4 ਵਜੇ ਤੱਕ ਲਏ ਗਏ। ਹੁਣ ਉਨ੍ਹਾਂ ਦੇ ਉਮੀਦਵਾਰ ਸਿਰਫ 63 ਸੀਟਾਂ ਲਈ ਹੀ ਆਪਣੇ ਨਾਮਜ਼ਦਗੀ ਪੱਤਰ ਦੇ ਸਕੇ ਹਨ। ਉਨ੍ਹਾਂ ਇਸ ਨੂੰ ਪ੍ਰਬੰਧਕੀ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਇਸ ਖਿਲਾਫ ਵੱਡੇ ਪੱਧਰ 'ਤੇ ਰੋਸ ਜਤਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਵੱਲੋਂ ਵਾਰਡ ਨੰ. 24 ਦੀ ਐੱਸ. ਸੀ. ਸੀਟ 'ਤੇ ਬੀ. ਸੀ. ਸ਼੍ਰੇਣੀ ਦੇ ਉਮੀਦਵਾਰ ਨੂੰ ਟਿਕਟ ਦੇਣ ਅਤੇ ਉਨ੍ਹਾਂ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਉਕਤ ਵਾਰਡ ਲਈ 5 ਮਿੰਟ ਦੀ ਦੇਰੀ 'ਤੇ ਨਾ ਲੈਣ ਦਾ ਦੋਸ਼ ਲਾਇਆ। 
ਹਲਕਾ ਪੂਰਬੀ ਦੀਆਂ 6 ਸੀਟਾਂ 'ਤੇ ਬਾਗੀ ਉਮੀਦਵਾਰ
ਹਲਕਾ ਪੂਰਬੀ ਦੇ ਵਾਰਡ ਨੰ. 30 ਤੋਂ ਅਜੀਤ ਸਿੰਘ ਭਾਟੀਆ ਜੋ ਕਿ ਹਾਲ ਹੀ 'ਚ ਭਾਜਪਾ ਤੋਂ ਕਾਂਗਰਸ ਵਿਚ ਆਏ ਹਨ, ਦੇ ਖਿਲਾਫ ਕਾਂਗਰਸੀ ਸਤਨਾਮ ਸਿੰਘ ਛੀਨਾ ਨੇ ਆਜ਼ਾਦ ਉਮੀਦਵਾਰ ਦੇ ਰੂਪ 'ਚ ਨਾਮਜ਼ਦਗੀ ਪੱਤਰ ਭਰੇ ਹਨ। ਇਸੇ ਤਰ੍ਹਾਂ ਵਾਰਡ ਨੰ. 22 ਤੋਂ ਲਾਡੋ ਪਹਿਲਵਾਨ ਨੂੰ ਚਰਨਜੀਤ ਸਿੰਘ ਮਾਂਤੀ ਪਹਿਲਵਾਨ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ, ਜਦੋਂ ਕਿ ਵਾਰਡ ਨੰ. 27 ਤੋਂ ਨਵਜੋਤ ਕੌਰ ਸਿੱਧੂ ਦੇ ਪੀ. ਏ. ਦੀ ਪਤਨੀ ਮੋਨਿਕਾ ਨੂੰ ਕਾਂਗਰਸੀ ਨੇਤਾ ਕੁਲਭੂਸ਼ਣ ਦੁੱਗਲ ਦੀ ਭਰਜਾਈ ਵੱਲੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੁਣੌਤੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਵਾਰਡ ਨੰ. 46 ਵਿਚ ਭਾਜਪਾ ਤੋਂ ਆਏ ਸ਼ੈਲਿੰਦਰ ਸਿੰਘ ਸ਼ੈਲੀ ਨੂੰ ਕਾਂਗਰਸ ਦੀ ਟਿਕਟ ਮਿਲਣ 'ਤੇ ਉਥੋਂ ਦੇ ਮਜ਼ਬੂਤ ਦਾਅਵੇਦਾਰ ਵਿਰਦੀ ਨੇ ਆਜ਼ਾਦ ਰੂਪ 'ਚ ਨਾਮਜ਼ਦਗੀ ਪੱਤਰ ਭਰਿਆ ਹੈ, ਜਦੋਂ ਕਿ ਵਾਰਡ ਨੰ. 43 ਤੋਂ ਅਮੀਰ ਸਿੰਘ ਗੁੱਲੀ ਦੀ ਪਤਨੀ ਹਰਮੀਤ ਕੌਰ ਨੂੰ ਨਿਰਮਲ ਸਿੰਘ ਨਿੰਮਾ ਦੀ ਪਤਨੀ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਭਰ ਕੇ ਚੁਣੌਤੀ ਦਿੱਤੀ ਹੈ।
ਹਲਕਾ ਪੱਛਮੀ ਦੀਆਂ 6 ਸੀਟਾਂ 'ਤੇ ਬਾਗੀ ਉਮੀਦਵਾਰ
ਹਲਕਾ ਪੱਛਮੀ ਤੋਂ ਜਿਸ ਨੂੰ ਕਿ ਕਾਂਗਰਸੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਚ ਵੀ ਵੱਡੇ ਪੱਧਰ 'ਤੇ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਵਿਚ ਵਾਰਡ ਨੰ. 74 ਦੇ ਸਾਬਕਾ ਕੌਂਸਲਰ ਅਤੇ ਭਾਜਪਾ ਤੋਂ ਕਾਂਗਰਸ 'ਚ ਆਏ ਡਾ. ਅਨੂਪ ਕੁਮਾਰ ਖਿਲਾਫ ਕਾਂਗਰਸੀ ਨੇਤਾ ਅਜੇ ਕੁਮਾਰ, ਵਾਰਡ ਨੰ. 81 ਵਿਚ ਕਾਂਗਰਸੀ ਉਮੀਦਵਾਰ ਸੁਨੀਤਾ ਖਿਲਾਫ ਪੂਜਾ, ਵਾਰਡ ਨੰ. 82 'ਚ ਲਖਨਪਾਲ ਖਿਲਾਫ ਕੰਵਲਜੀਤ ਸਿੰਘ, ਵਾਰਡ ਨੰ. 84 'ਚ ਰਮਨ ਬਖਸ਼ੀ ਖਿਲਾਫ ਗੁਰਦੇਵ ਸਿੰਘ ਜੱਜੀ ਅਤੇ ਧਰਮਜੀਤ ਬੌਬੀ, ਵਾਰਡ ਨੰ. 85 ਵਿਚ ਅਜੇ ਕੁਮਾਰ ਪੱਪੂ ਖਿਲਾਫ ਲਖਵਿੰਦਰ ਸਿੰਘ ਬਬੂਆ ਅਤੇ ਵਾਰਡ ਨੰ. 1 ਵਿਚ ਆਸ਼ਾ ਸ਼ਰਮਾ ਖਿਲਾਫ ਸੁਮਨ ਬਾਲਾ ਨੇ ਬਾਗੀ ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਇਨ੍ਹਾਂ ਨੂੰ ਚੁਣੌਤੀ ਦਿੱਤੀ ਹੈ।