''ਆਪ'' ਨੂੰ 80 ਵਾਰਡਾਂ ਲਈ ਨਹੀਂ ਮਿਲ ਸਕੇ ਕਾਬਿਲ ਵਾਲੰਟੀਅਰ?

12/08/2017 10:28:12 AM

ਜਲੰਧਰ (ਬੁਲੰਦ)-ਨਗਰ ਨਿਗਮ ਚੋਣਾਂ ਲਈ ਜਿਥੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਲਈ ਸਭ ਤੋਂ ਵੱਡਾ ਸੰਕਟ ਇਹ ਸੀ ਕਿ ਇਕ ਵਾਰਡ ਤੋਂ ਉਮੀਦਵਾਰ ਇਕ ਚਾਹੀਦਾ ਸੀ ਤੇ ਦਾਅਵੇਦਾਰ 5, 6 ਸਨ, ਉਥੇ 'ਆਪ' ਲਈ ਸਥਿਤੀ ਹਾਸੋਹੀਣੀ ਰਹੀ। ਪਾਰਟੀ ਨੂੰ 80 ਵਾਰਡਾਂ ਲਈ ਕਾਬਿਲ ਵਾਲੰਟੀਅਰ ਹੀ ਨਹੀਂ ਮਿਲੇ, ਜਿਨ੍ਹਾਂ ਨੂੰ ਪਾਰਟੀ ਟਿਕਟ ਦੇ ਸਕੇ। ਪਾਰਟੀ ਨੇ ਨਗਰ ਨਿਗਮ ਚੋਣਾਂ ਲਈ ਮੈਦਾਨ ਵਿਚ 46 ਉਮੀਦਵਾਰ ਉਤਾਰੇ ਹਨ। 34 ਵਾਰਡ ਖਾਲੀ ਹਨ, ਜਿਥੇ ਪਾਰਟੀ ਨੇ ਕੋਈ ਉਮੀਦਵਾਰ ਨਹੀਂ ਉਤਾਰਿਆ। ਪਾਰਟੀ ਨੇ ਨਾਰਥ ਹਲਕੇ ਤੋਂ 14, ਵੈਸਟ ਤੋਂ 17, ਸੈਂਟਰਲ ਤੋਂ 11 ਤੇ ਕੈਂਟ ਹਲਕੇ ਤੋਂ 6 ਉਮੀਦਵਾਰ ਉਤਾਰੇ ਹਨ। ਮਾਮਲੇ ਬਾਰੇ ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਪਾਰਟੀ ਨੂੰ ਬਚੇ 34 ਵਾਰਡਾਂ ਲਈ ਉਮੀਦਵਾਰ ਮਿਲ ਨਹੀਂ ਸਕਦੇ ਸਨ ਜਾਂ ਮਿਲੇ ਨਹੀਂ ਪਰ ਪਾਰਟੀ ਦੀ ਸ਼ਹਿਰੀ ਲੀਡਰਸ਼ਿਪ ਦੀ ਢਿੱਲ-ਮਠ ਤੇ ਆਪਸੀ ਧੜੇਬੰਦੀ ਕਾਰਨ ਵਾਰਡਾਂ ਵਿਚ ਨਾਰਾਜ਼ ਆਗੂਆਂ ਨੇ ਦਾਅਵੇਦਾਰਾਂ ਦੀ ਸੂਚੀ ਹੀ ਪਾਰਟੀ ਨੂੰ ਨਹੀਂ ਭੇਜੀ ਤੇ ਪਾਰਟੀ ਜਲੰਧਰ ਨਗਰ ਨਿਗਮ ਦੇ ਅੱਧੇ ਅਧੂਰੇ ਵਾਰਡਾਂ ਵਿਚ ਹੀ ਆਪਣੇ ਉਮੀਦਵਾਰ ਉਤਾਰ ਸਕੀ।

ਬਾਲੀ ਨੂੰਹ ਨੂੰ  ਲੜਾ ਰਹੇ ਆਜ਼ਾਦ ਚੋਣ
ਇਥੇ ਹੀ ਬਸ ਨਹੀਂ, ਵਾਰਡ ਨੰਬਰ 55 ਤੋਂ ਪਾਰਟੀ ਆਗੂ ਤੇ ਦੋਆਬਾ ਦੇ ਮੀਤ ਪ੍ਰਧਾਨ ਬਾਲਕ੍ਰਿਸ਼ਨ ਬਾਲੀ ਨੇ ਹੋਰ ਹੀ ਨਵਾਂ ਕੰਮ ਕਰ ਵਿਖਾਇਆ। ਬਾਲੀ ਨੇ 55  ਨੰਬਰ ਵਾਰਡ ਤੋਂ ਆਪਣੀ ਨੂੰਹ ਨੂੰ ਆਜ਼ਾਦ ਤੌਰ 'ਤੇ ਮੈਦਾਨ ਵਿਚ ਉਤਾਰਿਆ ਹੈ ਤੇ ਵਾਰਡ ਨੰਬਰ 57 ਤੋਂ ਆਪਣੇ ਇਕ ਦੋਸਤ ਦੀ ਨੂੰਹ ਨੂੰ ਆਜ਼ਾਦ ਤੌਰ 'ਤੇ ਮੈਦਾਨ ਵਿਚ ਉਤਾਰ ਕੇ ਉਸ ਨੂੰ ਸਮਰਥਨ ਦਿੱਤਾ ਹੈ। ਮਾਮਲੇ ਬਾਰੇ ਬਾਲੀ ਦਾ ਕਹਿਣਾ ਹੈ ਕਿ ਇਹ ਦੋਵੇਂ ਵਾਰਡ ਉਨ੍ਹਾਂ ਦੇ ਹੀ ਹਨ, ਇਸ ਲਈ ਉਹ ਪਾਰਟੀ ਦੀ ਸਹਿਮਤੀ ਨਾਲ ਦੋਵਾਂ ਵਾਰਡਾਂ 'ਤੇ ਆਪਣੇ ਸਮਰਥਕਾਂ ਨੂੰ ਆਜ਼ਾਦ ਤੌਰ 'ਤੇ ਲੜਾ ਰਹੇ ਹਨ। 
ਅਜਿਹੇ ਵਿਚ 'ਆਪ' ਪਾਰਟੀ ਦੀ ਹਾਲਤ ਨਿਗਮ ਚੋਣਾਂ ਵਿਚ ਬੜੀ ਹਾਸੋਹੀਣੀ ਬਣੀ ਹੋਈ ਹੈ। ਪਾਰਟੀ ਦੇ ਅੰਦਰੂਨੀ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦੇ ਸ਼ਹਿਰੀ ਆਗੂਆਂ ਨੂੰ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਸਨ ਤੇ ਅਜਿਹਾ ਨਾ ਕਰ ਕੇ ਪਾਰਟੀ ਨੇ ਆਪਣੀ ਢਿੱਲੀ ਕਾਰਜ ਪ੍ਰਣਾਲੀ ਹੀ ਸਾਬਿਤ ਕੀਤੀ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ 'ਆਪ' ਦੇ 46 ਉਮੀਦਵਾਰਾਂ ਵਿਚੋਂ ਸਿਰਫ 3-4 ਹੀ ਅਜਿਹੇ ਹਨ ਜੋ ਕੁਝ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੇ ਹਨ, ਬਾਕੀਆਂ ਦੀ ਹਾਲਤ ਖਸਤਾ ਹੀ ਹੈ।