ਕਾਂਗਰਸ ਦੇ ਸਕਦੀ ਹੈ ''ਆਪ'' ਨੂੰ ਝਟਕਾ

12/15/2017 12:37:49 PM

ਜਲੰਧਰ (ਬੁਲੰਦ)-ਨਗਰ ਨਿਗਮ ਚੋਣਾਂ ਅਧੀਨ ਲਗਾਤਾਰ ਇਕ ਪਾਰਟੀ ਦੂਜੀ ਪਾਰਟੀ ਵਿਚ ਸੰਨ੍ਹ ਲਾਉਣ ਵਿਚ ਲੱਗੀ ਹੋਈ ਹੈ। ਕਾਂਗਰਸ ਵੀ ਆਮ ਆਦਮੀ ਪਾਰਟੀ ਵਿਚ ਸੰਨ੍ਹ ਲਾਉਣ ਦੀ ਫਿਰਾਕ ਵਿਚ ਹੈ। ਸੂਤਰਾਂ ਦੀ ਮੰਨੀਏ ਤਾਂ ਸੈਂਟਰਲ ਹਲਕੇ ਦੇ ਇਕ ਅਹਿਮ 'ਆਪ' ਆਗੂ ਦੀਆਂ ਕਾਂਗਰਸੀ ਆਗੂਆਂ ਨਾਲ ਗੁਪਤ ਬੈਠਕਾਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਉਕਤ ਆਗੂ ਦਾ ਕਾਂਗਰਸ ਵਿਚ ਕਾਫੀ ਰਸੂਖ ਰਿਹਾ ਹੈ। 
ਨਗਰ ਨਿਗਮ ਚੋਣਾਂ ਵਿਚ ਜਿਥੇ ਕਾਂਗਰਸ ਨੇ ਅਕਾਲੀ ਦਲ ਨੂੰ ਕਈ ਝਟਕੇ ਦਿੱਤੇ ਹਨ ਉਥੇ ਆਮ ਆਦਮੀ ਪਾਰਟੀ ਨੂੰ ਕੋਈ ਝਟਕਾ ਨਹੀਂ ਲੱਗ ਸਕਿਆ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਨੇ ਆਪ ਦੇ ਇਕ ਵੱਡੇ ਆਗੂ ਨਾਲ ਕਈ ਗੁਪਤ ਬੈਠਕਾਂ ਕੀਤੀਆਂ ਹਨ ਪਰ 'ਆਪ' ਆਗੂ ਵੱਲੋਂ ਕਾਂਗਰਸ ਵਿਚ ਜਾਣ ਲਈ ਇਕ ਅਹਿਮ ਅਹੁਦੇ ਦੀ ਮੰਗ 'ਤੇ ਅੜ ਜਾਣ ਕਾਰਨ ਪਾਰਟੀ ਦੇ ਵੱਡੇ ਆਗੂਆਂ ਨੇ ਅਜੇ ਇਸ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ। 
ਓਧਰ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਬੁਲਾਰੇ ਐੱਚ. ਐੱਸ. ਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿਚ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਿਗਮ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਇਸ ਕਾਰਨ ਰਵਾਇਤੀ ਪਾਰਟੀਆਂ ਵਿਚ ਡਰ ਦਾ ਮਾਹੌਲ ਹੈ ਤੇ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੀਆਂ ਹਨ।