ਨਗਰ ਨਿਗਮ ਦੀ ਟੀਮ ਨੇ ਗੋਦਾਮ ''ਚੋਂ ਬਰਾਮਦ ਕੀਤਾ ਪਟਾਕਿਆਂ ਦਾ ਜ਼ਖੀਰਾ

10/27/2019 9:51:07 AM

ਬਟਾਲਾ (ਗੁਰਪ੍ਰੀਤ) - ਬਟਾਲਾ ਦੇ ਡੇਰਾ ਰੋਡ ਸਥਿਤ ਇਕ ਗੋਦਾਮ 'ਤੇ ਨਗਰ ਨਿਗਮ ਦੀ ਟੀਮ ਨੇ ਪੁਲਸ ਦੇ ਸਹਿਯੋਗ ਨਾਲ ਛਾਪੇਮਾਰੀ ਕਰਦਿਆਂ ਇਕ ਗੋਦਾਮ 'ਚੋਂ ਭਾਰੀ ਮਾਤਰਾ 'ਚ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਨਗਰ ਨਿਗਮ ਦੇ ਇੰਸਪੈਕਟਰ ਅਮਰਜੀਤ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ 'ਚੇ ਸਥਿਤ ਇਕ ਦੁਕਾਮ ਅਤੇ ਗੋਦਾਮ ਦੇ ਅੰਦਰ ਬੁੱਕ ਸਟੋਰ ਦੇ ਮਾਲਕ ਨੇ ਬੁੱਕ ਸਟੋਰ ਦੀ ਆੜ 'ਚ ਉਕਤ ਗੋਦਾਮ 'ਚ ਪਟਾਕੇ ਛੁੱਪਾ ਕੇ ਰੱਖੇ ਹੋਏ ਹਨ ਅਤੇ ਭੀੜ-ਭਾੜ ਵਾਲਾ ਇਲਾਕਾ ਹੋਣ ਕਾਰਨ ਉਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਪੁਲਸ ਨੂੰ ਨਾਲ ਲੈ ਕੇ ਗੋਦਾਮ 'ਤੇ ਜਦੋਂ ਛਾਪੇਮਾਰੀ ਕੀਤੀ ਤਾਂ ਉਥੋਂ ਭਾਰੀ ਮਾਤਰਾ 'ਚ ਪਟਾਕੇ ਬਰਾਮਦ ਹੋਈ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਬੁੱਕ ਸਟੋਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਆਤਿਸ਼ਬਾਜ਼ੀ ਨੂੰ ਟਰਾਲੀ 'ਚ ਭਰਕੇ ਥਾਣਾ ਸਿਟੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 4 ਸਤੰਬਰ ਨੂੰ ਪਟਾਕਿਆਂ ਦੇ ਜ਼ਖੀਰੇ ਕਾਰਨ ਬਟਾਲਾ ਦੀ  ਪਟਾਕਾ ਫੈਕਟਰੀ 'ਚ ਬਲਾਸਟ ਹੋਇਆ ਸੀ, ਜਿਸ ਨਾਲ 24 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਦੇ ਹਿਸਾਬ ਨਾਲ ਗੰਭੀਰ ਜ਼ਖਮੀ ਹੋ ਗਏ ਸਨ। ਇਸ ਦੇ ਮੱਦੇਨਜ਼ਰ ਹੁਣ ਪੁਲਸ ਪੂਰੀ ਚੌਕਸੀ ਵਰਤ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਉਕਤ ਜ਼ਖੀਰਾ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ।

ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ : ਪੁਲਸ ਅਧਿਕਾਰੀ
ਇਸ ਮਾਮਲੇ ਦੇ ਸਬੰਧ 'ਚ ਜਦੋਂ ਐੱਸ. ਐੱਚ. ਓ. ਸਿਟੀ ਸੁਖਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਬੱਸ ਸਟੈਂਡ ਏ. ਐੱਸ. ਆਈ. ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਪਟਾਕਿਆਂ ਦਾ ਜ਼ਖੀਰਾ ਕਬਜ਼ੇ 'ਚ ਲੈ ਲਿਆ ਹੈ, ਜਿਸ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  

rajwinder kaur

This news is Content Editor rajwinder kaur