ਪਲਾਸਟਿਕ ਦੇ ਮੋਟੇ-ਪਤਲੇ ਕੈਰੀ ਬੈਗਜ਼ ’ਚ ਹੀ ਉਲਝ ਕੇ ਰਹਿ ਗਿਆ ਨਗਰ ਨਿਗਮ

08/02/2018 7:08:48 AM

ਜਲੰਧਰ, (ਖੁਰਾਣਾ)— ਪੰਜਾਬ ਸਰਕਾਰ ਦੇ  ਨਿਰਦੇਸ਼ਾਂ  ’ਤੇ  ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਲੰਧਰ ’ਚ ਵੀ ਹਰ ਤਰ੍ਹਾਂ ਦੇ ਪਲਾਸਟਿਕ ਕੈਰੀ ਬੈਗਜ਼ ’ਤੇ ਪਾਬੰਦੀ ਲਾਗੂ ਕਰ  ਦਿੱਤੀ ਗਈ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਅੱਜ 2 ਟੀਮਾਂ ਬਣਾ ਕੇ ਕੈਰੀ ਬੈਗਜ਼ ਬਣਾਉਣ,  ਵੇਚਣ ਅਤੇ ਵਰਤੋਂ ਕਰਨ ਵਾਲੇ ਦੁਕਾਨਦਾਰਾਂ ’ਤੇ ਕਰਵਾਈ ਕਰ ਕੇ ਉਨ੍ਹਾਂ ਦੇ ਚਲਾਨ ਕੱਟਣੇ ਸਨ ਪਰ ਪਹਿਲੇ ਹੀ ਦਿਨ ਨਗਰ ਨਿਗਮ ਪਲਾਸਟਿਕ ਕੈਰੀ ਬੈਗਜ਼ ਦੇ ਮੋਟੇ ਪਤਲੇ ਹੋਣ ਦੇ ਚੱਕਰ ’ਚ  ਉਲਝ ਕੇ ਰਹਿ  ਗਿਆ ਅਤੇ ਕੋਈ ਚਲਾਨ ਨਹੀਂ ਕੱਟ ਸਕਿਆ। ਹੁਣ ਵੀਰਵਾਰ ਨੂੰ ਨਗਰ ਨਿਗਮ ਦੀਅਾਂ 2  ਟੀਮਾਂ ਉਚ ਅਧਿਕਾਰੀਆਂ ਦੀ ਅਗਵਾਈ ’ਚ ਫੀਲਡ ’ਚ ਉਤਰ ਕੇ ਚਲਾਨ ਕੱਟਣ ਦਾ ਸਿਲਸਿਲਾ ਸ਼ੁਰੂ  ਕਰਨਗੀਅਾਂ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜਿੱਥੇ  ਹਰ ਤਰ੍ਹਾਂ ਦੇ ਪਲਾਸਟਿਕ ਕੈਰੀ  ਬੈਗਜ਼ ’ਤੇ ਪਾਬੰਦੀ ਲਗਾ ਰੱਖੀ ਹੈ, ਉਥੇ ਪਲਾਸਟਿਕ ਬੈਗਜ਼ ਦੇ ਨਿਰਮਾਤਾਵਾਂ ਦੀ ਐਸੋਸੀਏਸ਼ਨ  ਲਗਾਤਾਰ ਯਤਨ ਕਰ ਰਹੀ ਹੈ ਕਿ ਉਨ੍ਹਾਂ  ਨੂੰ ਕਿਸੇ ਤਰ੍ਹਾਂ 50 ਮਾਈਕ੍ਰੋਨ ਤੋਂ ਉਪਰ ਮੋਟਾਈ ਵਾਲੇ  ਕੈਰੀ ਬੈਗਜ਼ ਬਣਾਉਣ ਤੇ  ਵਰਤੋਂ ਕਰਨ ਦੀ ਮਨਜ਼ੂਰੀ ਮਿਲ ਜਾਏ ਤਾਂ ਜੋ ਉਨ੍ਹਾਂ ਦਾ ਕੰਮਕਾਜ  ਵੀ ਚਲਦਾ ਰਹੇ।
ਉਥੇ, ਦੂਸਰੇ ਪਾਸੇ ਪੰਜਾਬ ਸਰਕਾਰ ਨੇ ਹਾਲੇ ਮਾਈਕ੍ਰੋਨ ਬਾਰੇ ਕੋਈ  ਫੈਸਲਾ ਨਹੀਂ ਲਿਆ ਹੈ। ਜਿਸ ਕਾਰਨ ਨਿਗਮਾਂ ਨੂੰ ਹਰ ਤਰ੍ਹਾਂ ਦੇ ਪਲਾਸਟਿਕ ਕੈਰੀ ਬੈਗਜ਼ ਦੇ ਚਲਾਨ ਕੱਟਣੇ ਪੈਣਗੇ। ਅੱਜ ਪਲਾਸਟਿਕ ਕੈਰੀ ਬੈਗਜ਼ ਨਿਰਮਾਤਾਵਾਂ ਦੀ ਐਸੋਸੀਏਸ਼ਨ ਦੇ  ਪ੍ਰਤੀਨਿਧੀ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਅਤੇ ਹੈਲਥ ਅਫਸਰ ਡਾ.  ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਮਿਲੇ ਜਿਨ੍ਹਾਂ ਨੇ ਇਸ ਸਬੰਧ ’ਚ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ।  ਨਿਗਮ ਕਮਿਸ਼ਨਰ ਨੇ ਵੀ ਮਾਈਕ੍ਰੋਨ ਬਾਰੇ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਕੋਈ ਫੈਸਲਾ  ਨਹੀਂ ਲਿਆ। ਜਿਸ ਕਾਰਨ ਅੱਜ ਨਿਗਮ ਟੀਮਾਂ ਫੀਲਡ ’ਚ ਨਹੀਂ ਉਤਰ ਸਕੀਅਾਂ।
ਪਤਾ  ਚਲਿਆ ਹੈ ਕਿ ਵੀਰਵਾਰ ਤੋਂ ਨਿਗਮ ਦੀਆਂ ਟੀਮਾਂ ਪਲਾਸਟਿਕ ਦੇ ਪਤਲੇ ਕੈਰੀ ਬੈਗਜ਼ ਦੇ ਚਲਾਨ  ਕੱਟਣ ਲਈ ਫੀਲਡ ’ਚ ਉਤਰਨਗੀਅਾਂ। ਜਿਨ੍ਹਾਂ ਲਿਫਾਫਿਆਂ ’ਤੇ ਉਨ੍ਹਾਂ ਦੀ ਮੋਟਾਈ 50  ਮਾਈਕ੍ਰੋਨ ਤੋਂ ਉਪਰ ਲਿਖੀ ਹੋਵੇਗੀ, ਉਨ੍ਹਾਂ ਦੇ ਸ਼ਾਇਦ ਚਲਾਨ  ਨਹੀਂ ਕੱਟੇ ਜਾਣਗੇ। 

ਬਾਜ਼ਾਰ ’ਚ 90 ਫੀਸਦੀ ਲਿਫਾਫੇ 50 ਮਾਈਕ੍ਰੋਨ ਤੋਂ ਘੱਟ
ਪਲਾਸਟਿਕ  ਕੈਰੀ ਬੈਗਜ਼ ਨਿਰਮਾਤਾਵਾਂ ਦੀ ਐਸੋਸੀਏਸ਼ਨ ਭਾਵੇਂ 50 ਮਾਈਕ੍ਰੋਨ ਤੋਂ ਉਪਰ ਮੋਟਾਈ ਵਾਲੇ  ਲਿਫਾਫਿਆਂ ’ਤੇ ਸਖਤੀ ਨਾ ਕਰਨ ਦੀ ਮੰਗ ਕਰ ਰਹੀ ਹੈ। ਉਥੇ ਮੰਨਿਆ ਜਾ ਰਿਹਾ ਹੈ ਕਿ ਬਾਜ਼ਾਰ ’ਚ 90 ਫੀਸਦੀ ਪਲਾਸਟਿਕ ਦੇ ਲਿਫਾਫੇ ਪਤਲੇ ਯਾਨੀ 50 ਮਾਈਕ੍ਰੋਨ ਤੋਂ ਘੱਟ ਵੇਚੇ ਅਤੇ  ਵਰਤੋਂ ਕੀਤੇ ਜਾ ਰਹੇ ਹਨ। ਹਰ ਫਲ, ਸਬਜ਼ੀ ਵਾਲੇ, ਦੁੱਧ ਵਾਲੇ ਅਤੇ ਹੋਰ ਦੁਕਾਨਦਾਰਾਂ ਦਾ  ਯਤਨ ਹੈ ਕਿ ਪਤਲੇ ਲਿਫਾਫੇ ਜੋ ਸਸਤੇ ਪੈਂਦੇ ਹਨ, ਵਰਤੇ ਜਾਣ।

ਟਰਾਂਸਪੋਰਟ  ਕੰਪਨੀਅਾਂ  ਜ਼ਰੀਏ  ਆ ਰਿਹੈ 2 ਨੰਬਰ ਦਾ ਮਾਲ
ਭਾਵੇਂ  ਜਲੰਧਰ ਤੇ ਪੰਜਾਬ ਦੇ ਹੋਰ ਸ਼ਹਿਰਾਂ ’ਚ ਪਲਾਸਟਿਕ ਦੇ ਪਤਲੇ ਲਿਫਾਫੇ ਨਹੀਂ ਬਣਾਏ ਜਾ ਰਹੇ  ਪਰ ਗੁਜਰਾਤ ਦੇ ਹਲੋਲ ਸ਼ਹਿਰ ’ਚ ਅਜਿਹੇ ਪਾਬੰਦੀਸ਼ੁਦਾ ਪਲਾਸਟਿਕ ਦੇ ਪਤਲੇ ਲਿਫਾਫੇ ਧੜਾਧੜ  ਬਣਾਏ ਤੇ ਵੇਚੇ ਜਾ ਰਹੇ ਹਨ ਅਤੇ ਉਥੋਂ ਸਾਰਾ ਮਾਲ 2 ਨੰਬਰ ’ਚ ਟਰਾਂਸਪੋਰਟ ਕੰਪਨੀਆਂ ਜ਼ਰੀਏ ਜਲੰਧਰ ਤੇ ਹੋਰ ਸ਼ਹਿਰਾਂ ’ਚ ਪਹੁੰਚਾਇਆ ਜਾ ਰਿਹਾ ਹੈ। ਜਲੰਧਰ ਨਿਗਮ ਜੇਕਰ ਸ਼ਹਿਰ  ਦੀਅਾਂ 5-6 ਅਜਿਹੀਆਂ ਟਾਂਸਪੋਰਟ ਕੰਪਨੀਆਂ ’ਤੇ ਛਾਪੇਮਾਰੀ ਕਰੇ ਜੋ 2 ਨੰਬਰ ਦਾ   ਕੰਮ ਧੜੱਲੇ ਨਾਲ ਕਰਦੇ ਹਨ ਤਾਂ ਨਿਗਮ ਨੂੰ ਉਥੇ ਕਾਫੀ ਪਾਬੰਦੀਸ਼ੁਦਾ ਲਿਫਾਫੇ ਬਰਾਮਦ ਹੋ ਸਕਦੇ  ਹਨ।

50 ਮਾਈਕ੍ਰੋਨ ਤੋਂ ਉਪਰ ਵਾਲੇ ਲਿਫਾਫੇ ਜ਼ਿਆਦਾ ਖਤਰਨਾਕ
ਇਸ ਵਿਚ  ਜ਼ਿਆਦਾਤਰ ਵਾਤਾਵਰਣ ਪ੍ਰੇਮੀਆਂ ਦਾ ਮੰਨਣਾ ਹੈ ਕਿ 50 ਮਾਈਕ੍ਰੋਨ ਤੋਂ ਉਪਰ ਵਾਲੇ ਮੋਟੇ  ਪਲਾਸਟਿਕ ਦੇ ਲਿਫਾਫੇ ਵਾਤਾਵਰਣ ਲਈ ਜ਼ਿਆਦਾ ਖਤਰਨਾਕ ਹਨ। ਇਕ ਨਿਰਮਾਤਾ  ਨੇ ਦੱਸਿਆ ਕਿ 1.50 ਕਿਲੋ ਪਲਾਸਟਿਕ ਨਾਲ ਜੇਕਰ ਪਤਲੇ   ਹਜ਼ਾਰਾਂ ਲਿਫਾਫੇ ਵੀ ਬਣ ਜਾਂਦੇ ਹਨ। ਉਥੇ ਜੇਕਰ ਇਸ ਦੀ ਮੋਟਾਈ  50 ਮਾਈਕ੍ਰੋਨ ਤੋਂ  ਜ਼ਿਆਦਾ ਕਰ ਦਿੱਤੀ ਜਾਵੇ ਤਾਂ ਸਿਰਫ  50 ਲਿਫਾਫੇ ਹੀ ਬਣ ਸਕਣਗੇ। ਵਿਦੇਸ਼ਾਂ ’ਚ ਜ਼ਿਆਦਾਤਰ  ਪਤਲੇ ਪਲਾਸਟਿਕ ਲਿਫਾਫਿਅਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਇਥੇ ਦਲੀਲ ਦਿੱਤੀ ਜਾ ਰਹੀ ਹੈ  ਕਿ ਕੂੜੇ ’ਚੋਂ ਪਲਾਸਟਿਕ ਦੇ ਲਿਫਾਫੇ ਉਠਾਉਣ ਵਾਲੇ ਮਜ਼ਦੂਰ ਮੋਟੇ ਲਿਫਾਫੇ ਇਕੱਠੇ ਕਰ  ਲੈਂਦੇ ਹਨ ਜੋ ਬਾਅਦ ’ਚ ਰੀਸਾਈਕਲ ਹੋ ਜਾਂਦੇ ਹਨ ਅਤੇ ਅਜਿਹੇ ਮਜ਼ਦੂਰ ਪਤਲੇ ਲਿਫਾਫੇ ਕੂੜੇ  ’ਚੋਂ ਨਹੀਂ ਚੁੱਕਦੇ। ਜਿਸ ਕਾਰਨ ਲਿਫਾਫੇ ਉਥੇ ਹੀ ਪਏ ਰਹਿੰਦੇ ਹਨ।­