ਟੈਂਡਰ ਘੋਟਾਲੇ 'ਚ ਸਸਪੈਂਡ ਅਧਿਕਾਰੀਆਂ ਦੀ ਸਿੱਧੂ ਸਾਹਮਣੇ ਹੋਈ ਪੇਸ਼ੀ (ਵੀਡੀਓ)

07/11/2017 7:51:44 PM

ਚੰਡੀਗੜ੍ਹ (ਮਨਮੋਹਨ ਸਿੰਘ) — ਪੰਜਾਬ ਦੀਆਂ ਤਿੰਨ ਨਗਰ ਨਿਗਮਾਂ 'ਚ ਕਥਿਤ ਟੈਂਡਰ ਘੋਟਾਲੇ 'ਚ ਸਸਪੈਂਡ ਕੀਤੇ ਗਏ 4 ਸੁਪਰੀਟੈਂਡੈਂਟ ਇੰਜਨੀਅਰਾਂ (ਐੱਸ. ਈ) ਦੀ ਪੇਸ਼ੀ ਲੋਕਲ ਬਾਡੀ ਮੰਤਰੀ ਨਵਜੋਤ ਸਿੱਧੂ ਸਾਹਮਣੇ ਹੋਈ। ਇਨ੍ਹਾਂ ਅਧਿਕਾਰੀਆਂ ਨੂੰ ਅੱਜ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ।
ਇਸ ਦੌਰਾਨ ਚਾਰਾਂ ਅਧਿਕਾਰੀਆਂ ਪੀ. ਕੇ ਗੋਇਲ, ਐੱਸ. ਈ. ਅੰਮ੍ਰਿਤਸਰ, ਕੁਲਵਿੰਦਰ ਸਿੰਘ-ਐੱਸ.ਈ. ਜਲੰਧਰ, ਪਵਨ ਕੁਮਾਰ ਤੇ ਧਰਮ ਸਿੰਘ, ਐੱਸ. ਈ. ਲੁਧਿਆਣਾ ਨੇ ਆਪਣਾ ਪੱਖ ਪੇਸ਼ ਕੀਤਾ। ਇਸ ਦੌਰਾਨ ਮੌਜੂਦਾ ਤਿੰਨੇ ਨਗਰ ਨਿਗਮਾਂ ਦੇ ਖੇਤਰਾਂ 'ਚ ਆਉਦੇਂ ਵਿਧਾਇਕਾਂ ਤੇ ਕੈਬਨਿਟ ਮੰਤਰੀ ਸਿੱਧੂ ਨੇ ਅਧਿਕਾਰੀਆਂ ਕੋਲੋਂ ਘੋਟਾਲੇ ਨਾਲ ਸੰਬਧਿਤ ਸਵਾਲ ਪੁੱਛੇ।
ਇਸ ਪੂਰੀ ਕਾਰਵਾਈ ਤੋਂ ਬਾਅਦ ਸਿੱਧੂ ਨੇ ਇਨ੍ਹਾਂ ਅਧਿਕਾਰੀਆਂ ਨੂੰ ਆਪਣਾ ਪੱਖ ਲਿਖਤੀ ਰੂਪ 'ਚ ਦੇਣ ਲਈ ਕਿਹਾ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਇਨ੍ਹਾਂ ਅਧਿਕਾਰੀਆਂ ਤੋਂ ਸ਼ੁਰੂ ਹੋਈ ਕਾਰਵਾਈ ਹੁਣ 'ਤੇ ਤਕ ਜਾਵੇਗੀ, ਤੇ ਮਾਮਲੇ 'ਚ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਸਲ 'ਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ  ਦਾ ਦਾਅਵਾ ਹੈ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਲਏ ਫੈਸਲੇ ਮੁਤਾਬਕ ਉਨ੍ਹਾਂ ਪਿਛਲੀ ਸਰਕਾਰ ਦੌਰਾਨ ਕੀਤੇ ਗਏ ਕਰੀਬ 800 ਕਰੋੜ ਦੇ ਟੈਂਡਰਾਂ ਦੀ ਪੜਤਾਲ ਕਰਵਾਈ ਹੈ। ਸ਼ੁਰੂਆਤੀ ਜਾਂਚ 'ਚ ਕਰੀਬ 1000 ਫਾਈਲਾਂ ਚੈੱਕ ਕੀਤੀਆਂ ਗਈਆਂ, ਜਿਸ 'ਚ ਪਤਾ ਲੱਗਾ ਕਿ ਕਰੀਬ 800 ਕਰੋੜ ਦੇ ਟੈਂਡਰਾਂ 'ਚੋਂ 500 ਕਰੋੜ ਦੇ ਟੈਂਡਰ ਨਿਯਮਾਂ ਨੂੰ ਛਿੱਕੇ ਟੰਗ ਸਿੰਗਲ ਟੈਂਡਰ ਦਿੱਤੇ ਗਏ ਹਨ।