ਗਊਸ਼ਾਲਾ ਨੂੰ ਚਲਾਉਣ ਦਾ ਠੇਕਾ ਦੇ ਕੇ ਵਿਵਾਦਾਂ ''ਚ ਘਿਰਿਆ ਨਿਗਮ

11/11/2017 7:44:18 AM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਨਗਰ ਨਿਗਮ ਮੋਗਾ ਅਧੀਨ ਚੱਲ ਰਹੀ ਸਰਕਾਰੀ ਗਊਸ਼ਾਲਾ (ਚੜਿੱਕ ਰੋਡ) 'ਚ ਗਊਧਨ ਦੀ ਸੰਭਾਲ ਲਈ ਇਕ ਸੰਸਥਾ ਨੂੰ ਠੇਕਾ ਦੇਣ ਸਬੰਧੀ ਨਿਗਮ ਵੱਲ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਨਿਗਮ ਗਊਸ਼ਾਲਾ ਦੀ ਲਗਭਗ ਤਿੰਨ ਸਾਲ ਸੰਭਾਲ ਕਰ ਚੁੱਕੀ ਸੰਸਥਾ ਦੇ ਪ੍ਰਧਾਨ ਦਾ ਦੋਸ਼ ਹੈ ਕਿ ਨਿਗਮ ਵੱਲੋਂ ਮਹਿੰਗੇ ਮੁੱਲ 'ਤੇ ਠੇਕਾ ਦੇ ਕੇ, ਪਬਲਿਕ ਫੰਡਾਂ ਦਾ ਦੁਰਉਪਯੋਗ ਕੀਤਾ ਗਿਆ ਹੈ ਜਦਕਿ ਨਗਰ ਨਿਗਮ ਦੇ ਮੇਅਰ ਨੇ ਸਪੱਸ਼ਟ ਕੀਤਾ ਕਿ ਸਭ ਕੁਝ ਨਿਯਮਾਂ ਅਨੁਸਾਰ ਹੋਇਆ ਹੈ।
ਨਿਯਮਾਂ ਅਨੁਸਾਰ ਕੀਤੀ ਗਈ ਹੈ ਗਊਸ਼ਾਲਾ ਦੀ ਅਲਾਟਮੈਂਟ
ਇਸ ਸਬੰਧੀ ਜਦੋਂ ਨਗਰ ਨਿਗਮ ਮੋਗਾ ਮੇਅਰ ਅਕਸ਼ਿਤ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਗਊਸ਼ਾਲਾ ਦਾ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਰਾਇ ਲੈਣ ਉਪਰੰਤ ਹੀ ਪ੍ਰਤੀ ਗਊਧਨ 40 ਰੁਪਏ ਦੇ ਹਿਸਾਬ ਨਾਲ ਨਿਗਮ ਅਦਾਇਗੀ ਕਰੇਗਾ। ਉਨ੍ਹਾਂ ਦੱਸਿਆ ਕਿ ਅੱਜ ਗਊਸ਼ਾਲਾ ਦਾ ਠੇਕਾ ਅਲਾਟ ਕਰਨ ਸਮੇਂ ਸ਼ਹਿਰ ਦੀਆਂ 6 ਸੰਸਥਾਵਾਂ ਨੇ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ 'ਚੋਂ ਏਕਤਾ ਗਊ ਸੇਵਕ ਸੁਸਾਇਟੀ ਨੂੰ ਠੇਕਾ ਅਲਾਟ ਕਰ ਦਿੱਤਾ ਗਿਆ।
ਗਊਸ਼ਾਲਾ ਦੀ ਨਿਗਰਾਨੀ ਅਤੇ ਸਾਂਭ-ਸੰਭਾਲ ਲਈ ਸੇਵਾ ਦੀਆਂ ਚਾਹਵਾਨ 6 ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਇਕ ਅਡਵਾਈਜ਼ਰੀ ਕਮੇਟੀ ਵੀ ਬਣਾਈ ਗਈ ਹੈ, ਜਿਸ 'ਚ ਉਹ ਖੁਦ, ਕਮਿਸ਼ਨਰ ਨਿਗਮ, ਸਹਾਇਕ ਕਮਿਸ਼ਨਰ ਨਿਗਮ, ਸਬੰਧਤ ਇਲਾਕੇ ਦਾ ਕੌਂਸਲਰ ਅਤੇ ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ।
16 ਰੁਪਏ ਦੀ ਬਜਾਏ 40 ਰੁਪਏ ਪ੍ਰਤੀ ਗਊ ਦੇ ਹਿਸਾਬ ਨਾਲ ਦਿੱਤਾ ਠੇਕਾ
ਜਾਣਕਾਰੀ ਅਨੁਸਾਰ ਗਊਸ਼ਾਲਾ ਦੀ ਸਾਂਭ-ਸੰਭਾਲ ਲਈ ਨਿਗਮ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਕਿਉਂਕਿ ਪਹਿਲਾਂ ਤੋਂ ਗਊਸ਼ਾਲਾ ਸੰਭਾਲ ਰਹੀ ਸੰਸਥਾ ਵਿਸ਼ਵ ਹਿੰਦੂ ਸ਼ਕਤੀ ਦਾ ਠੇਕਾ ਸਮਾਪਤ ਹੋ ਗਿਆ ਸੀ। ਇਸ ਸਬੰਧੀ ਅੱਜ ਨਿਗਮ ਦਫਤਰ 'ਚ ਲੋੜੀਂਦੀ ਪ੍ਰਕਿਰਿਆ ਉਪਰੰਤ ਏਕਤਾ ਗਊ ਸੇਵਕ ਸੁਸਾਇਟੀ ਨੂੰ ਨਿਗਮ ਗਊਸ਼ਾਲਾ 'ਚ ਗਊਧਨ ਦੀ ਸਾਂਭ-ਸੰਭਾਲ ਲਈ 40 ਰੁਪਏ ਪ੍ਰਤੀ ਗਊਧਨ ਦੇ ਹਿਸਾਬ ਨਾਲ ਠੇਕਾ ਅਲਾਟ ਕਰ ਦਿੱਤਾ ਗਿਆ।  ਇਸ ਸਬੰਧੀ ਗੱਲਬਾਤ ਕਰਦਿਆਂ ਵਿਸ਼ਵ ਹਿੰਦੂ ਸ਼ਕਤੀ ਸੰਸਥਾ ਦੇ ਕੌਮੀ ਪ੍ਰਧਾਨ ਰਾਹੁਲ ਸ਼ਰਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਿਛਲੇ ਸਮੇਂ ਦੌਰਾਨ ਸਰਕਾਰੀ ਗਊਸ਼ਾਲਾ 'ਚ ਗਊਧਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਸੀ ਅਤੇ ਨਿਗਮ ਵੱਲੋਂ ਉਨ੍ਹਾਂ ਦੀ ਸੰਸਥਾ ਨੂੰ ਪ੍ਰਤੀ ਮਹੀਨਾ 1 ਲੱਖ 65 ਹਜ਼ਾਰ ਰੁਪਏ ਦਿੱਤੇ ਜਾਂਦੇ ਸੀ ਜੋ ਕਿ ਪ੍ਰਤੀ ਗਊਧਨ 16 ਰੁਪਏ ਬਣਦੇ ਹਨ ਜਦਕਿ ਹੁਣ ਨਿਗਮ ਵੱਲੋਂ ਇਹੀ ਕੰਮ ਪ੍ਰਤੀ ਗਊਧਨ 40 ਰੁਪਏ ਦੇ ਹਿਸਾਬ ਨਾਲ ਦੇ ਕੇ ਸਵਾ ਚਾਰ ਲੱਖ ਰੁਪਏ 'ਚ ਕਰਵਾਇਆ ਜਾਵੇਗਾ ਜੋ ਕਿ ਲੋਕਾਂ ਦੇ ਪੈਸਿਆਂ ਦਾ ਦੁਰਉਪਯੋਗ ਹੈ।  ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਗਊਧਨ ਦੀ ਸਾਂਭ-ਸੰਭਾਲ ਉਪਰੰਤ ਨਿਗਮ ਪਾਸੋਂ ਬਿੱਲ ਪਾਸ ਕਰਵਾਉਣ ਲਈ ਜਿਥੇ ਅਧਿਕਾਰੀਆਂ ਦੇ ਮਿੰਨਤਾਂ-ਤਰਲੇ ਕਰਨੇ ਪੈਂਦੇ ਸਨ, ਉਥੇ ਕੁਝ ਅਧਿਕਾਰੀ ਕਥਿਤ ਤੌਰ 'ਤੇ ਬਿੱਲ ਪਾਸ ਕਰਨ ਦੇ ਨਾਂ ਹੇਠ ਕਥਿਤ ਹਿੱਸਾ-ਪੱਤੀ ਦੀ ਮੰਗ ਵੀ ਕਰਦੇ ਸਨ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਜੀਲੈਂਸ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਲਿਜਾਣਗੇ ਤਾਂ ਜੋ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਲੋਕਾਂ ਦੇ ਫੰਡਾਂ ਦੀ ਦੁਰਵਰਤੋਂ ਬਚਾਈ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਨਿਗਮ ਪਾਸੋਂ ਬਹੁਤ ਘੱਟ ਰਕਮ ਲੈ ਕੇ ਗਊਸ਼ਾਲਾ ਦੀ ਸੇਵਾ ਕੀਤੀ ਜਾ ਰਹੀ ਸੀ ਅਤੇ ਸੰਸਥਾ ਭਵਿੱਖ 'ਚ ਵੀ ਉਸੇ ਰੇਟ 'ਤੇ ਗਊਸ਼ਾਲਾ ਸੰਭਾਲਣ ਲਈ ਤਿਆਰ ਸੀ ਪਰ ਸ਼ਹਿਰ ਦੇ ਕੁਝ ਸਿਆਸੀ ਆਗੂਆਂ ਵੱਲੋਂ ਗਊਸ਼ਾਲਾ ਦੇ ਨਾਂ 'ਤੇ ਸ਼ੁਰੂ ਕੀਤੀ ਸਿਆਸਤ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਨੇ ਅੱਗੋਂ ਭਵਿੱਖ 'ਚ ਗਊਸ਼ਾਲਾ ਦੀ ਸੇਵਾ-ਸੰਭਾਲ ਲਈ ਕੋਈ ਦਿਲਸਚਪੀ ਨਹੀਂ ਦਿਖਾਈ।