ਨਗਰ ਨਿਗਮ ਨੇ ਬਾਹਰ ਸਾਮਾਨ ਰੱਖਣ ਵਾਲੇ 6 ਦੁਕਾਨਦਾਰਾਂ ਦੇ ਕੱਟੇ ਚਲਾਨ

08/12/2017 6:35:29 AM

ਫਗਵਾੜਾ, (ਹਰਜੋਤ)- ਭਾਵੇਂ ਨਵੇਂ ਆਏ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਸ਼ਹਿਰ ਦੀ ਵਿਗੜੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਕੱਲ ਤੋਂ ਖੁਦ ਕਮਾਨ ਸੰਭਾਲ ਕੇ ਮੁਹਿੰਮ ਸ਼ੁਰੂ ਕੀਤੀ ਸੀ ਪਰ ਦੁਕਾਨਦਾਰਾਂ 'ਤੇ ਇਸ ਦਾ ਕੋਈ ਅਸਰ ਹੋਇਆ ਨਹੀਂ ਜਾਪਦਾ ਅਤੇ ਦੁਕਾਨਦਾਰਾਂ ਨੇ ਅੱਜ ਸਵੇਰ ਤੋਂ ਹੀ ਆਪਣਾ ਸਾਮਾਨ ਸੜਕਾਂ ਦੇ ਕੰਢੇ ਤਕ ਲਗਾ ਦਿੱਤਾ। ਇਸੇ ਦੌਰਾਨ ਜਿਉਂ ਹੀ ਅੱਜ ਟ੍ਰੈਫਿਕ ਇੰਚਾਰਜ ਸੁੱਚਾ ਸਿੰਘ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਅਗਵਾਈ 'ਚ ਟੀਮ ਬਾਜ਼ਾਰਾਂ 'ਚ ਗਈ ਤਾਂ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣਾ ਸ਼ੁਰੂ ਕਰ ਦਿੱਤਾ। 
ਅੱਜ ਪੁਲਸ ਵਲੋਂ ਚਲਾਈ ਮੁਹਿੰਮ ਤਹਿਤ ਅਧਿਕਾਰੀਆਂ ਦੀ ਟੀਮ ਰੇਲਵੇ ਰੋਡ, ਝਟਕਈਆਂ ਚੌਕ, ਸਰਾਏ ਰੋਡ, ਗਊਸ਼ਾਲਾ ਰੋਡ, ਸਿਨੇਮਾ ਰੋਡ ਵਿਖੇ ਗਈ ਅਤੇ ਨਿਗਮ ਅਧਿਕਾਰੀਆਂ ਨੇ ਨਾਜ਼ਾਇਜ ਸਾਮਾਨ ਰੱਖਣ ਵਾਲਿਆਂ ਦੇ 6 ਚਲਾਨ ਕੀਤੇ ਤੇ ਲੋਕਾਂ ਨੂੰ ਸਾਮਾਨ ਆਪਣੇ ਘੇਰੇ 'ਚ ਅੰਦਰ ਰੱਖਣ ਦੀ ਹਦਾਇਤ ਕੀਤੀ। ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਇਸ ਦੇ ਹੱਲ ਲਈ ਸਖ਼ਤ ਕਦਮ ਚੁੱਕੇ ਜਾਣਗੇ। ਇਸ ਮੌਕੇ ਪੀ. ਸੀ. ਆਰ. ਇੰਚਾਰਜ ਕੁਲਵੰਤ ਸਿੰਘ, ਨਿਗਮ ਅਧਿਕਾਰੀ ਨਰੇਸ਼ ਕੁਮਾਰ ਵੀ ਸ਼ਾਮਲ ਸਨ।
ਕੀ ਕਹਿੰਦੇ ਹਨ ਦੁਕਾਨਦਾਰ- ਇਸ ਸਬੰਧੀ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਤੇ ਨਿਗਮ ਦਾ ਇਹ ਉਪਰਾਲਾ ਤਾਂ ਸ਼ਲਾਘਾਯੋਗ ਹੈ ਪਰ ਇਸ ਦੀ ਅਸਲੀਅਤ ਇਹ ਹੈ ਕਿ ਨਾਜਾਇਜ਼ ਸਾਮਾਨ ਰੱਖਣ ਵਾਲੇ ਦੁਕਾਨਦਾਰ ਸਵੇਰ ਤੋਂ ਹੀ ਆਪਣਾ ਸਾਮਾਨ ਸੜਕ ਦੇ ਕੰਢੇ ਤਕ ਰੱਖ ਦਿੰਦੇ ਹਨ ਪਰ ਜਿਉਂ ਹੀ ਪੁਲਸ ਤੇ ਨਿਗਮ ਅਧਿਕਾਰੀ ਆਉਂਦੇ ਹਨ ਤਾਂ ਇਹ ਆਪਣਾ ਸਾਮਾਨ ਚੱਕ ਕੇ ਪਿੱਛੇ ਕਰ ਲੈਂਦੇ ਹਨ ਪਰ ਪੁਲਸ ਪ੍ਰਸ਼ਾਸਨ ਤੇ ਨਿਗਮ ਵਲੋਂ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਇਹ ਅਧਿਕਾਰੀ ਸਿਰਫ਼ ਚਿਤਾਵਨੀ ਤਕ ਹੀ ਸੀਮਿਤ ਹਨ ਅਤੇ ਚਿਤਾਵਨੀ ਦੇਣ ਦੇ ਬਾਅਦ ਵੀ ਅਜਿਹਾ ਕਰਨ ਵਾਲਿਆਂ ਖਿਲਾਫ਼ ਕੋਈ ਖਾਸ ਕਾਰਵਾਈ ਅਮਲ 'ਚ ਨਹੀਂ ਆਉਂਦੀ।