ਚੰਡੀਗੜ੍ਹ ''ਚ ਦੀਵਾਲੀ ਮੌਕੇ ਬਿਨਾ ਪਰਮਿਸ਼ਨ ਸਟਾਲ ਲਾਉਣਾ ਪਵੇਗਾ ਮਹਿੰਗਾ

10/07/2017 1:03:41 PM

ਚੰਡੀਗੜ੍ਹ : ਸ਼ਹਿਰ 'ਚ ਦੀਵਾਲੀ ਦੇ ਤਿਉਹਾਰ ਦੌਰਾਨ ਪਾਰਕਿੰਗ ਅਤੇ ਬਰਾਂਡਿਆਂ 'ਚ ਰੇਹੜ੍ਹੀ-ਫੜ੍ਹੀ ਵਾਲਿਆਂ ਨੂੰ ਬੈਠਣ ਨਹੀਂ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਵੀ ਜੇਕਰ ਇਨ੍ਹਾਂ ਥਾਵਾਂ 'ਤੇ ਸਟਾਲ ਲਾਏ ਗਏ ਤਾਂ ਨਿਗਮ ਉਨ੍ਹਾਂ ਦਾ ਸਮਾਨ ਜ਼ਬਤ ਕਰ ਲਵੇਗਾ। ਇਸ ਦਾ ਫੈਸਲਾ ਸ਼ੁੱਕਰਵਾਰ ਨੂੰ ਚੇਅਰਮੈਨ ਗੁਰਪ੍ਰੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਇਨਫੋਰਸਮੈਂਟ ਕਮੇਟੀ ਦੀ ਬੈਠਕ 'ਚ ਲਿਆ ਗਿਆ। ਕਮੇਟੀ ਨੇ ਫੈਸਲਾ ਲਿਆ ਕਿ ਨਿਗਮ ਦਫਤਰ 'ਚ ਤਿਓਹਾਰੀ ਸੀਜ਼ਨ ਦੌਰਾਨ ਅਸਥਾਈ ਸਟਾਲ ਲਾਉਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ, ਜੇਕਰ ਇਸ ਦੇ ਬਾਵਜੂਦ ਵੀ ਕੋਈ ਬਾਂ ਪਰਮਿਸ਼ਨ ਸਟਾਲ ਲਾਉਂਦਾ ਹੈ ਤਾਂ ਉਸ ਕੋਲੋਂ ਨਿਗਮ ਦੁੱਗਣੀ ਫੀਸ ਵਸੂਲੇਗਾ। ਫੀਸ ਦਾ ਭੁਗਤਾਨ ਨਾ ਕਰਨ 'ਤੇ ਉਸ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ। ਨਿਗਮ ਨੇ ਇਨਫੋਰਸਮੈਂਟ ਟੀਮ ਦੇ ਸਬ ਇੰਸਪੈਕਟਰਾਂ ਦੀ ਇਸ ਦੇ ਲਈ ਰਿਜ਼ਰਵ ਡਿਊਟੀ ਲਾ ਰੱਖੀ ਹੈ। ਜੇਕਰ ਕਿਤੇ ਵੀ ਕੋਈ ਬਿਨਾ ਪਰਮਿਸ਼ਨ ਦੇ ਸਟਾਲ ਲਾਵੇਗਾ ਤਾਂ ਇਨਫੋਰਸਮੈਂਟ ਸਬ ਇੰਸਪੈਕਟਰ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਕਰਵਾਚੌਥ ਦੇ ਮੌਕੇ 'ਤੇ 5 ਤੋਂ ਲੈ ਕੇ 7 ਅਕਤੂਬਰ ਤੱਕ ਨਿਗਮ ਹਾਊਸ 'ਚ ਤੈਅ ਫੀਸ 'ਤੇ ਹੀ ਸਟਾਲ ਅਤੇ ਫੜ੍ਹੀ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।