ਵਿਧਾਇਕ ਬਾਵਾ ਹੈਨਰੀ ਦੇ ਤਿੱਖੇ ਤੇਵਰ, ਮੁਲਾਜ਼ਮਾਂ ਨੂੰ ਬੋਲੇ ਗੱਲ ਹੋ ਗਈ ਤਾਂ ਚਲੋ ਫਿਰ (ਵੀਡੀਓ)

02/21/2018 5:22:35 PM

ਜਲੰਧਰ— ਹੰਗਾਮੇ ਦੀਆਂ ਇਹ ਤਸਵੀਰਾਂ ਜਲੰਧਰ ਨਗਰ-ਨਿਗਮ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਿਧਾਇਕ ਬਾਵਾ ਹੈਨਰੀ ਦੇ ਮੁਲਾਜ਼ਮਾਂ 'ਤੇ ਤਿੱਖੇ ਤੇਵਰ ਦੇਖਣ ਨੂੰ ਮਿਲ ਰਹੇ ਹਨ। ਦਰਅਸਲ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ 'ਤੇ ਨਗਰ-ਨਿਗਮ ਦੇ ਕਰਮਚਾਰੀਆਂ ਵੱਲੋਂ ਇਥੇ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਚਾਰੋਂ ਵਿਧਾਇਕ ਪਰਗਟ ਸਿੰਘ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਬਾਵਾ ਹੈਨਰੀ ਇਥੇ ਮੇਅਰ ਨਾਲ ਬੈਠਕ ਕਰਨ ਲਈ ਪਹੁੰਚੇ ਸਨ। ਫਿਰ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ, ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ ਅਤੇ ਇਸ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਉਹ ਵਿਧਾਇਕਾਂ ਨੂੰ ਇਥੋਂ ਜਾਣ ਨਹੀਂ ਦੇਣਗੇ। ਜਿਸ ਤੋਂ ਬਾਅਦ ਵਿਧਾਇਕ ਹੈਨਰੀ ਨੇ ਮੁਲਾਜ਼ਾਂ 'ਤੇ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਜੇ ਹੁਣ ਗੱਲ ਹੋ ਗਈ ਹੈ ਤਾਂ ਇਥੋਂ ਚਲੇ ਜਾਓ। 
ਇਸ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ 'ਤੇ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਮੁਲਾਜ਼ਮਾਂ ਦੇ ਪ੍ਰਦਰਸ਼ਨ ਕਰਨ ਦੇ ਤਰੀਕੇ ਨੂੰ ਗਲਤ ਦੱਸਿਆ। ਉਥੇ ਹੀ ਮੁਲਾਜ਼ਮਾਂ 'ਚ ਵਿਧਾਇਕ ਵੱਲੋਂ ਕੀਤੇ ਵਿਵਹਾਰ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।  
ਇਸ ਪੂਰੇ ਹੰਗਾਮੇ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਸ਼ੁਕਰਵਾਰ ਤੱਕ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਇਸ ਤੋਂ ਵੀ ਤੇਜ਼ ਸੰਘਰਸ਼ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਸੈਲਰੀ ਨਾ ਆਈ ਤਾਂ ਸੋਮਵਾਰ ਤੋਂ ਸਰਕਾਰੀ ਦਫਤਰਾਂ 'ਚ ਕੰਮ ਬੰਦ ਕਰਕੇ ਤਾਲਾ ਲਗਾ ਦੇਣਗੇ ਅਤੇ ਉਸ ਦੇ ਨਾਲ ਹੀ ਪੂਰੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬੰਦ ਕਰ ਦੇਣਗੇ। 


ਨਗਰ-ਨਿਗਮ ਮੁਲਾਜ਼ਮ ਯੂਨੀਅਨ ਦੇ ਨੇਤਾ ਚੰਦਨ ਗ੍ਰੇਵਾਲ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਹੈ, ਜਿਸ ਨਾਲ ਮੁਲਾਜ਼ਮਾਂ ਨੂੰ ਪਰਿਵਾਰ ਚਲਾਉਣ 'ਚ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਨਗਰ-ਨਿਗਮ ਦੇ ਸਫਾਈ ਅਤੇ ਸੀਵਰੇਜ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਦੇ ਚਲਦਿਆਂ ਕਰਮਚਾਰੀਆਂ ਨੇ ਨਿਗਮ ਦਫਤਰ ਦੇ ਘਿਰਾਓ ਕਰਕੇ ਆਪਣੀਆਂ ਮੰਗਾਂ ਰੱਖੀਆਂ ਅਤੇ ਜਲਦੀ ਪੂਰੀ ਨਾ ਹੋਣ 'ਤੇ ਦਫਤਰਾਂ ਨੂੰ ਤਾਲੇ ਲਗਾਉਣ ਦੀ ਗੱਲ ਕਹੀ।