ਨਗਰ-ਨਿਗਮ ਚੋਣਾਂ ''ਚ ਕਾਂਗਰਸ ਦੀ ਜਿੱਤ ''ਤੇ ਭਗਵੰਤ ਮਾਨ ਦਾ ਵੱਡਾ ਬਿਆਨ

12/17/2017 8:31:55 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਅਤੇ ਧੱਕੇਸ਼ਾਹੀ ਬਾਰੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਹੈ ਅਤੇ ਨਜ਼ਰ ਆ ਰਹੀ ਨਮੋਸ਼ੀ ਭਰੀ ਹਾਰ ਤੋਂ ਡਰਦਿਆਂ ਇਹ ਚੋਣ ਪੂਰੀ ਤਰ੍ਹਾਂ ਹਾਈਜੈਕ ਕਰ ਲਈ ਹੈ।
'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੂਬਾ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਦੇ ਸਿਰ 'ਤੇ ਸਿਆਸੀ ਗੁੰਡਾਗਰਦੀ ਕਰਨ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਦੀ 10 ਸਾਲਾਂ ਦੀ ਗੁੰਡਾਗਰਦੀ ਨੂੰ ਮਾਤ ਦੇ ਦਿੱਤੀ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਸਮੇਤ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਧੱਕੇਸ਼ਾਹੀ ਨੇ ਬੂਥ ਲੁੱਟਣ ਵਾਲੇ ਪੁਰਾਣੇ ਬਿਹਾਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਜੇਕਰ ਹਾਰ ਦੇ ਡਰੋਂ ਵਿਰੋਧੀ ਧਿਰਾਂ ਦੇ ਕਾਗ਼ਜ਼ ਰੱਦ ਕਰਨੇ ਸਨ ਅਤੇ ਮਤਦਾਨ ਮੌਕੇ ਚੋਣਾਂ ਲੁੱਟਣੀਆਂ ਹੀ ਸਨ ਤਾਂ ਚੋਣਾਂ ਦਾ ਡਰਾਮਾਂ ਰਚਣ ਦੀ ਕੀ ਜ਼ਰੂਰਤ ਸੀ? ਇਕ ਤਾਨਾਸ਼ਾਹੀ ਫ਼ਰਮਾਨ ਨਾਲ ਆਪਣੇ ਮਨਭਾਉਂਦੇ ਕਾਂਗਰਸੀਆਂ ਨੂੰ ਸਿੱਧਾ ਹੀ ਨਾਮਜ਼ਦ ਕਰ ਲੈਣਾ ਸੀ। 'ਆਪ' ਆਗੂਆਂ ਨੇ ਕਿਹਾ ਕਿ ਬਾਦਲਾਂ ਦੀਆਂ ਧੱਕੇਸ਼ਾਹੀਆਂ ਅਤੇ ਮਾਫ਼ੀਆ ਰਾਜ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਲਿਆਂਦੀ ਸੀ ਪਰ ਗੁੰਡਾਗਰਦੀ 'ਚ ਕਾਂਗਰਸੀ ਪਹਿਲੇ ਸਾਲ ਹੀ ਬਾਦਲਾਂ ਨੂੰ ਪਿੱਛੇ ਛੱਡਣ ਲੱਗੇ ਹਨ।