ਸਰਕਾਰ ਨੇ ਭੇਜੇ 31 ਕਰੋਡ਼, ਨਿਗਮ ਮੁਲਾਜ਼ਮਾਂ ਨੂੰ 2 ਮਹੀਨਿਆਂ ਤੱਕ ਤਨਖਾਹ ਨਾ ਮਿਲਣ ਦੀ ਰਿਵਾਇਤ ਟੁੱਟੀ

07/24/2018 3:50:12 AM

ਲੁਧਿਆਣਾ(ਹਿਤੇਸ਼)-ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ. ਸ਼ੇਅਰ ਦੇ 31 ਕਰੋਡ਼ ਰਿਲੀਜ਼ ਕਰਨ ਕਰ ਕੇ ਨਗਰ ਨਿਗਮ ਮੁਲਾਜ਼ਮਾਂ ਨੂੰ ਜੂਨ ਦੀ ਪੈਂਡਿੰਗ ਤਨਖਾਹ ਮਿਲ ਗਈ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਚੁੰਗੀ ਦੀ ਵਸੂਲੀ ਬੰਦ ਹੋਣ ਦੇ ਬਾਅਦ ਸਰਕਾਰ ਵਲੋਂ ਵੈਟ ਦੀ ਆਮਦਨੀ ’ਚੋਂ ਨਗਰ ਨਿਗਮ ਨੂੰ ਸ਼ੇਅਰ ਦਿੱਤਾ ਜਾਂਦਾ ਰਿਹਾ ਹੈ ਪਰ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕੁਲੈਕਸ਼ਨ ਦਾ ਪੈਸਾ ਸਿੱਧਾ ਕੇਂਦਰ  ਕੋਲ ਜਾ ਰਿਹਾ ਹੈ, ਜਿਸ  ਕਾਰਨ ਪੈਸਾ ਰਾਜ ਸਰਕਾਰ ਨੂੰ ਟਰਾਂਸਫਰ ਹੋਣ ’ਚ ਦੇਰੀ ਹੋ ਰਹੀ ਹੈ ਅਤੇ ਨਗਰ ਨਿਗਮ ਨੂੰ ਵੀ ਲੇਟ ਮਿਲਦਾ ਹੈ, ਜਿਸ ਦਾ ਅਸਰ ਨਗਰ ਨਿਗਮ ਨੂੰ ਤਨਖਾਹ ਮਿਲਣ ’ਤੇ ਪੈ ਰਿਹਾ ਹੈ, ਕਿਉਂਕਿ ਬਿਜਲੀ ਦੇ ਬਿੱਲ, ਲੋਨ ਦੀਆਂ ਕਿਸ਼ਤਾਂ ਤੇ ਰੁਟੀਨ ਖਰਚਿਆਂ ਦੇ ਇਲਾਵਾ ਤਨਖਾਹ ਦੇਣ ਦਾ ਦਾਰੋਮਦਾਰ ਸਰਕਾਰ ਤੋਂ  ਮਿਲਣ ਵਾਲੀ ਮਦਦ ’ਤੇ ਹੀ ਟਿਕਿਆ ਹੋਇਆ ਹੈ ਪਰ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਨਗਰ ਨਿਗਮ ਮੁਲਾਜ਼ਮਾਂ ਦੀ ਤਨਖਾਹ  2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਪੈਂਡਿੰਗ ਚੱਲ ਰਹੀ ਹੈ। ਇਸ ਨੂੰ ਲੈ ਕੇ ਵਧ ਰਹੇ ਦਬਾਅ ਦੇ ਬਾਰੇ ’ਚ ਮੇਅਰ ਬਲਕਾਰ ਸੰਧੂ ਵਲੋਂ ਸਰਕਾਰ ਨੂੰ ਰਿਪੋਰਟ ਦੇਣ ’ਤੇ 31 ਕਰੋਡ਼ ਰਿਲੀਜ਼ ਕਰ ਦਿੱਤੇ ਗਏ ਹਨ, ਜਿਸ ਨਾਲ ਪਹਿਲਾਂ ਮੁਲਾਜ਼ਮਾਂ ਦੀ ਜੂਨ ਦੀ ਪੈਂਡਿੰਗ ਪਈ ਤਨਖਾਹ ਕਲੀਅਰ ਕੀਤੀ ਗਈ ਹੈ। ਇਸ ਨਾਲ 2 ਮਹੀਨਿਆਂ ਦੀ ਤਨਖਾਹ ਪੈਂਡਿੰਗ ਹੋਣ ਦੀ ਰਿਵਾਇਤ ਟੁੱਟ ਸਕਦੀ ਹੈ। 
ਠੇਕੇਦਾਰਾਂ ਨੂੰ ਹੁਣ ਕਰਨਾ ਹੋਵੇਗਾ ਇੰਤਜ਼ਾਰ 
ਮੁਲਾਜ਼ਮਾਂ ਦੀ ਤਨਖਾਹ ਦੀ ਤਰ੍ਹਾਂ ਵਿਕਾਸ ਕਾਰਜਾਂ ਦੇ ਪੈਂਡਿੰਗ ਭੁਗਤਾਨ  ਲਈ ਠੇਕੇਦਾਰਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਿਨ੍ਹਾਂ ਦੀ ਇਹ ਸਮੱਸਿਆ ਫਿਲਹਾਲ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ ਸਰਕਾਰ ਤੋਂ ਮਿਲੀ ਰਾਸ਼ੀ ’ਚੋਂ ਤਨਖਾਹ ਦੇਣ ਦੇ ਬਾਅਦ ਬਾਕੀ ਬਚਿਆ ਪੈਸਾ ਬਿਜਲੀ ਦੇ ਬਿੱਲ ਅਤੇ ਲੋਨ ਦੀਆਂ ਕਿਸ਼ਤਾਂ ਦੇਣ ’ਚ ਨਿਕਲ ਜਾਵੇਗਾ। ਹਾਲਾਂਕਿ ਸਰਕਾਰ ਤੋਂ ਪੈਸਾ ਆਉਣ ਦੀ ਭਿਣਕ ਲੱਗਦੇ ਹੀ ਠੇਕੇਦਾਰਾਂ ਨੇ ਮੇਅਰ ਨੂੰ ਮਿਲ ਕੇ ਬਕਾਇਆ ਬਿੱਲਾਂ ਦੀ ਅਦਾਇਗੀ ਕਰਨ ਦੀ ਫਰਿਅਾਦ  ਕੀਤੀ ਸੀ ਪਰ ਮੇਅਰ ਨੇ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਤਨਖਾਹ ਦੇਣ ਨੂੰ ਪਹਿਲ ਦੇਣ ਦੀ ਦੋ ਟੁੱਕ ਗੱਲ ਕਹਿ ਦਿੱਤੀ।