ਓਵਰ ਚਾਰਜਿੰਗ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪਾਰਕਿੰਗ ਠੇਕੇਦਾਰਾਂ ਨੂੰ ਨਹੀਂ ਮਿਲੀ ਐਕਸਟੈਨਸ਼ਨ

06/27/2018 3:38:16 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਨੇ ਓਵਰ ਚਾਰਚਿੰਗ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪਾਰਕਿੰਗ ਠੇਕੇਦਾਰ ਨੂੰ ਐਕਸਟੈਨਸ਼ਨ ਦੇਣ ਦੀ ਜਗ੍ਹਾ ਨਵੇਂ ਸਿਰੇ ਤੋਂ ਬੋਲੀ ਲਾਉਣ ਦਾ ਫੈਸਲਾ ਕੀਤਾ ਹੈ।
ਨਗਰ ਨਿਗਮ ਨੇ ਇਸ ਸਮੇਂ 5 ਪਾਰਕਿੰਗ ਸਾਈਟਾਂ ਨੂੰ ਫੀਸ ਵਸੂਲੀ ਲਈ ਠੇਕੇ 'ਤੇ ਦਿੱਤਾ ਹੋਇਆ ਹੈ, ਜਿਸ ਦੇ ਐਗਰੀਮੈਂਟ ਦੀਆਂ ਸ਼ਰਤਾਂ ਮੁਤਾਬਕ ਠੇਕੇਦਾਰਾਂ ਨੂੰ ਫਿਲਹਾਲ ਇਕ ਸਾਲ ਦੀ ਐਕਸਟੈਨਸ਼ਨ ਮਿਲੀ ਹੋਈ ਹੈ, ਜੋ ਸਮਾਂ 17 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ। ਹਾਲਾਂਕਿ ਐਗਰੀਮੈਂਟ ਤਹਿਤ ਇਨ੍ਹਾਂ ਠੇਕੇਦਾਰਾਂ ਨੂੰ ਹੀ ਅਗਲੇ ਤਿੰਨ ਸਾਲ ਲਈ ਐਕਸਟੈਨਸ਼ਨ ਦਿੱਤੀ ਜਾ ਸਕਦੀ ਹੈ ਜਿਸ ਤਹਿਤ ਚਾਰ ਪਾਰਕਿੰਗ ਸਾਈਟਾਂ ਦਾ ਸੰਚਾਲਨ ਕਰ ਰਹੀ ਇਕ ਕੰਪਨੀ ਨੇ 10 ਦੀ ਜਗ੍ਹਾ 25 ਫੀਸਦੀ ਜ਼ਿਆਦਾ ਰੈਵੀਨਿਊ ਦੇਣ ਦੀ ਆਫਰ ਵੀ ਦਿੱਤੀ ਪਰ ਉਸ ਨੂੰ ਸਵੀਕਾਰ ਕਰਨ ਦੀ ਜਗ੍ਹਾ ਨਗਰ ਨਿਗਮ ਨੇ ਨਵੇਂ ਸਿਰੇ ਤੋਂ ਟੈਂਡਰ ਲਾਉਣ ਦਾ ਫੈਸਲਾ ਕੀਤਾ ਹੈ ਜਿਸ ਲਈ ਪੁਰਾਣੇ ਠੇਕੇਦਾਰਾਂ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਗਿਆ ਹੈ।
4 ਕਰੋੜ ਤੋਂ ਵੱਧ ਦਾ ਰੈਵੀਨਿਊ ਇਕੱਠਾ ਕਰਨ ਦਾ ਟੀਚਾ
ਨਗਰ ਨਿਗਮ ਵਲੋਂ 12 ਪਾਰਕਿੰਗ ਸਾਈਟਾਂ ਨੂੰ ਠੇਕੇ 'ਤੇ ਦੇਣ ਦੀ ਯੋਜਨਾ ਤਹਿਤ 4 ਕਰੋੜ ਤੋਂ ਵੱਧ ਦਾ ਰੈਵੀਨਿਊ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਮੌਜੂਦਾ ਪਾਰਕਿੰਗ ਦੀ ਵੱਧ ਤੋਂ ਵੱਧ ਰਾਸ਼ੀ ਨੂੰ ਰਿਜ਼ਰਵ ਪ੍ਰਾਈਜ਼ ਦੇ ਰੂਪ ਵਿਚ ਲਿਆ ਜਾਵੇਗਾ। ਇਸ ਤੋਂ ਇਲਾਵਾ ਜੋ 7 ਪਾਰਕਿੰਗ ਸਾਈਟਾਂ ਦੀ ਬੋਲੀ ਪਹਿਲਾਂ ਸਿਰੇ ਨਹੀਂ ਚੜ੍ਹੀ ਸੀ, ਉਨ੍ਹਾਂ ਦੀ ਵੱਧ ਤੋਂ ਵੱਧ ਬੋਲੀ ਨੂੰ ਆਧਾਰ ਬਣਾਇਆ ਗਿਆ ਹੈ।
ਨਵੇਂ ਪਲੇਅਰਾਂ ਦੀ ਐਂਟਰੀ ਰੋਕਣ ਲਈ ਪੁਰਾਣੀਆਂ ਹੀ ਰਹਿਣਗੀਆਂ ਸ਼ਰਤਾਂ
ਨਗਰ ਨਿਗਮ 'ਚ ਪਿਛਲੇ ਸਮੇਂ ਦੌਰਾਨ ਚੋਣਵੇਂ ਠੇਕੇਦਾਰਾਂ ਨੂੰ ਪਾਰਕਿੰਗ ਦਾ ਕੰਮ ਦਿਵਾਉਣ ਲਈ ਸ਼ਰਤਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਤਹਿਤ ਤਜਰਬੇ ਤੇ ਟਰਨਓਵਰ ਤੋਂ ਇਲਾਵਾ ਮੇਨਟੀਨੈਂਸ ਤਕ ਦੀ ਸ਼ਰਤ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪਿਛਲੀ ਵਾਰ ਲੋਕਲ ਬਾਡੀਜ਼ ਵਿਭਾਗ ਨੇ ਨਾਕਾਮ ਕਰ ਦਿੱਤਾ। ਉਸ ਦੇ ਮੱਦੇਨਜ਼ਰ ਇਸ ਵਾਰ ਵੀ ਪੁਰਾਣੀਆਂ ਸ਼ਰਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਪਾਰਕਿੰਗ ਦਾ ਕੰਮ ਕੀਤਾ ਹੋਣਾ ਜ਼ਰੂਰੀ ਹੈ। ਇਸ ਦੇ ਇਲਾਵਾ ਜੀ. ਐੱਸ. ਟੀ. ਨੰਬਰ, ਪੈਨ ਕਾਰਡ, ਲੇਬਰ ਲਾਇਸੈਂਸ, ਈ. ਐੱਸ. ਆਈ. ਤੇ ਪੀ. ਐੱਫ. ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ, ਜਿਸ ਨਾਲ ਨਵੇਂ ਪਲੇਅਰਾਂ ਨੂੰ ਸਿੱਧੀ ਐਂਟਰੀ ਨਹੀਂ ਮਿਲ ਸਕੇਗੀ।
ਸਾਲਾਂ ਤੋਂ ਲਟਕੀਆਂ 7 ਸਾਈਟਾਂ ਦੀ ਵੀ ਹੋਵੇਗੀ ਬੋਲੀ
ਨਗਰ ਨਿਗਮ ਨੇ ਮੌਜੂਦਾ ਸਮੇਂ ਵਿਚ ਚੱਲ ਰਹੀਆਂ 5 ਪਾਰਕਿੰਗ ਸਾਈਟਾਂ ਦੇ ਨਾਲ ਉਨ੍ਹਾਂ 7 ਸਾਈਟਾਂ ਦੀ ਵੀ ਬੋਲੀ ਲਾਉਣ ਦਾ ਫੈਸਲਾ ਕੀਤਾ ਹੈ, ਜੋ ਸਾਈਟਾਂ ਟਰੈਫਿਕ ਜਾਮ ਦੀ ਵਜ੍ਹਾ ਬਣ ਰਹੀਆਂ ਬੇਤਰਤੀਬੀ ਪਾਰਕਿੰਗ ਦੀ ਸਮੱਸਿਆ ਹੱਲ ਕਰਨ ਦੇ ਨਾਂ 'ਤੇ ਮਾਰਕ ਕੀਤੀਆਂ ਗਈਆਂ ਸਨ ਪਰ ਉਨ੍ਹਾਂ ਸਾਈਟਾਂ ਦੀ ਬੋਲੀ ਸਾਲਾਂ ਤੋਂ ਲਟਕੀ ਹੋਈ ਹੈ। ਇਨ੍ਹਾਂ ਸਾਈਟਾਂ ਨੂੰ ਈ-ਬੀਡਿੰਗ ਦੇ ਬਾਅਦ ਇਕ ਕੰਪਨੀ ਨੇ ਸਰਵਰ ਵਿਚ ਖਰਾਬੀ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਬੋਲੀ ਪਾਉਣ ਦਾ ਮੌਕਾ ਨਾ ਮਿਲਣ ਦਾ ਇਤਰਾਜ਼ ਜਤਾਇਆ ਸੀ। ਹਾਲਾਂਕਿ ਕਈ ਕੰਪਨੀਆਂ ਨੇ ਕਾਫੀ ਵੱਧ ਬੋਲੀ ਦੇਣ ਦੇ ਬਾਵਜੂਦ ਪਾਰਕਿੰਗ ਦਾ ਕਬਜ਼ਾ ਲੈਣ ਦੀ ਪੇਸ਼ਕਸ਼ ਕੀਤੀ ਪਰ ਐੱਫ. ਐਂਡ ਸੀ. ਸੀ. ਵਿਚ ਮੇਅਰ ਤੇ ਡਿਪਟੀ ਮੇਅਰ ਵਿਚਕਾਰ ਵਿਵਾਦ ਹੋਣ ਕਾਰਨ ਸਾਰੀ ਬੋਲੀ ਰੱਦ ਕਰ ਦਿੱਤੀ ਗਈ, ਜਿਸ ਨਾਲ ਨਗਰ ਨਿਗਮ ਨੂੰ ਕਰੋੜਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।