ਨਗਰ ਕੌਂਸਲ ਨੇ ਚਲਾਇਆ ਪੀਲਾ ਪੰਜਾ

03/14/2018 3:30:21 AM

ਗੋਨਿਆਣਾ(ਗੋਰਾ ਲਾਲ)-ਸਥਾਨਕ ਸ਼ਹਿਰ ਅੰਦਰ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਵੱਲੋਂ ਨਾਜਾਇਜ਼ ਉਸਾਰੀ ਕਰ ਕੇ ਆਪਣੀਆਂ ਦੁਕਾਨਾਂ ਤੇ ਮਕਾਨਾਂ ਅੱਗੇ ਉੱਚੇ-ਉੱਚੇ ਥੜ੍ਹੇ ਤੇ ਥੜ੍ਹੀਆਂ ਬਣਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਕੌਂਸਲ ਵੱਲੋਂ ਮਤਾ ਪਾਇਆ ਗਿਆ ਸੀ। ਬੀਤੇ ਕੱਲ ਨਗਰ ਕੌਂਸਲ ਦੇ ਜੇ. ਈ. ਜਸਬੀਰ ਸਿੰਘ ਨੇ ਦੁਕਾਨ-ਦੁਕਾਨ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਤਿੰਨ ਫੁੱਟ ਤੱਕ ਜਗ੍ਹਾ ਰੱਖ ਕੇ ਬਾਕੀ ਨਾਜਾਇਜ਼ ਕਬਜ਼ੇ ਵਾਲੀ ਜਗ੍ਹਾ ਨੂੰ 24 ਘੰਟਿਆਂ ਦੇ ਵਿਚ-ਵਿਚ ਖਾਲੀ ਕਰ ਦੇਣ। ਅੱਜ ਨਗਰ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ, ਸੰਦੀਪ ਕੁਮਾਰ ਬਿੰਟਾ ਕੌਂਸਲਰ, ਸੋਨੂੰ ਦੂਆ ਕੌਂਸਲਰ ਤੇ ਨਗਰ ਕੌਸਲ ਦੇ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਨਾਲ ਤਿੰਨ ਫੁੱਟ ਤੋਂ ਵੱਧ ਥੜ੍ਹਿਆਂ ਨੂੰ ਢਾਹੁਣ ਦਾ ਕੰਮ ਜੇ. ਸੀ. ਬੀ. ਮਸ਼ੀਨ ਨਾਲ ਸ਼ੁਰੂ ਕੀਤਾ ਗਿਆ, ਜਿਸ ਦੀ ਪਹਿਲ ਕਰਦਿਆਂ ਸੰਦੀਪ ਕੁਮਾਰ ਬਿੰਟਾ ਸਾਬਕਾ ਵਾਈਸ ਪ੍ਰਧਾਨ ਵੱਲੋਂ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਆਪਣੀ ਦੁਕਾਨ ਦੇ 3 ਫੁੱਟ ਤੋਂ ਵੱਧ ਬਣੇ ਥੜ੍ਹੇ ਨੂੰ ਢਾਹਿਆ ਗਿਆ। ਜਿਉਂ ਹੀ ਨਗਰ ਕੌਂਸਲ ਦੀ ਟੀਮ 30 ਦੇ ਕਰੀਬ ਦੁਕਾਨਾਂ ਦੇ ਨਾਜਾਇਜ਼ ਬਣੇ ਥੜ੍ਹੇ ਤੋੜਦੀ ਹੋਈ ਪਟਿਆਲਾ ਨਰਸਿੰਗ ਹੋਮ ਦੇ ਨਜ਼ਦੀਕ ਪਹੁੰਚੀ ਤਾਂ ਉਕਤ ਕੰਮ ਨੂੰ ਬੰਦ ਕਰਵਾਉਣ ਲਈ ਕਾਂਗਰਸੀ ਆਗੂ ਮਨਮੋਹਨ ਧਿੰਗੜਾ, ਕਸ਼ਮੀਰੀ ਲਾਲ ਤੇ ਤੇਜ ਰਾਮ ਰਾਜੂ ਸਮੇਤ ਕਾਫੀ ਗਿਣਤੀ 'ਚ ਦੁਕਾਨਦਾਰ ਮੌਕੇ 'ਤੇ ਇਕੱਠੇ ਹੋ ਗਏ ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਥੜ੍ਹੇ ਢਾਹੇ ਜਾਣ ਦਾ ਵਿਰੋਧ ਕਰਨ ਲੱਗੇ। ਲੋਕਾਂ ਦੇ ਵਿਰੋਧ ਤੋਂ ਬਾਅਦ ਥੜ੍ਹੇ ਢਾਹੁਣ ਦਾ ਕੰਮ ਰੋਕ ਦਿੱਤਾ ਗਿਆ। ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਨੂੰ ਵਾਰ-ਵਾਰ ਫੋਨ ਕੀਤਾ ਗਿਆ ਤੇ ਮੌਕੇ 'ਤੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ।
 ਉੱਧਰ ਜਿਨ੍ਹਾਂ ਦੁਕਾਨਦਾਰਾਂ ਦੇ ਥੜ੍ਹਿਆਂ ਨੂੰ ਢਾਹਿਆ ਗਿਆ ਹੈ ਉਨ੍ਹਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਥੜ੍ਹਿਆ ਨੂੰ ਜਾਣਬੁੱਝ ਕੇ ਢਾਹਿਆ ਗਿਆ ਹੈ ਤੇ ਉਨ੍ਹਾਂ ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਕੌਂਸਲ ਨੇ ਉਨ੍ਹਾਂ ਦੀਆਂ ਤੋੜੀਆਂ ਥੜ੍ਹੀਆਂ ਨੂੰ ਨਾ ਬਣਾਇਆ ਤਾਂ ਪ੍ਰਧਾਨ ਖਿਲਾਫ ਸੰਘਰਸ਼ ਕੀਤਾ ਜਾਵੇਗਾ ਜਾਂ ਫਿਰ ਜਿਨ੍ਹਾਂ ਨੇ ਤਿੰਨ ਫੁੱਟ ਤੋਂ ਵੱਧ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਦੀਆਂ ਥੜ੍ਹੀਆਂ ਨੂੰ ਵੀ ਤੋੜਿਆ ਜਾਵੇ। 
ਕੀ ਕਹਿੰਦੇ ਹਨ ਕਾਂਗਰਸੀ ਆਗੂ 
ਇਸ ਸਬੰਧੀ ਸਥਾਨਕ ਸ਼ਹਿਰ ਦੇ ਕਾਂਗਰਸੀ ਆਗੂਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਵੱਲੋਂ ਆਪਣੇ ਤਿੰਨ ਸਾਲ ਬੀਤਣ ਤੋਂ ਬਾਅਦ ਹੀ ਥੜ੍ਹਿਆਂ ਨੂੰ ਢਾਹੁਣ ਦਾ ਮਨ ਕਿਉਂ ਬਣਾਇਆ ਹੈ? ਜਦੋਂ ਕਿ ਪਹਿਲਾਂ ਅਕਾਲੀ ਸਰਕਾਰ ਵੀ ਸੀ। ਇਹ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤਾਂ ਜੋ ਕਿ ਲੋਕਾਂ ਦਾ ਗੁੱਸਾ ਕਾਂਗਰਸ ਸਰਕਾਰ ਖਿਲਾਫ ਭੜਕੇ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਦੇ ਇਕ ਕੌਂਸਲਰ ਨੇ ਆਪਣੀ ਦੁਕਾਨ 'ਤੇ ਨਾਜਾਇਜ਼ ਤੌਰ 'ਤੇ ਕਈ ਫੁੱਟ ਕਬਜ਼ਾ ਕਰ ਕੇ ਲੈਂਟਰ ਪਾਇਆ ਹੋਇਆ ਹੈ, ਜੇਕਰ ਉਨ੍ਹਾਂ ਕੰਮ ਹੀ ਕਰਨਾ ਹੈ ਤਾਂ ਪਹਿਲਾਂ ਕੌਂਸਲਰ ਵੱਲੋਂ ਕੀਤੇ ਆਪਣੀ ਦੁਕਾਨ ਦੇ ਨਾਜਾਇਜ਼ ਕਬਜ਼ੇ ਨੂੰ ਹਟਾਵੇ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਮੀਟਿੰਗ 'ਚ ਸਰਬਸੰਮਤੀ ਨਾਲ 11 ਕੌਂਸਲਰਾਂ ਨੇ ਮਤਾ ਪਾਇਆ ਸੀ ਕਿ ਸ਼ਹਿਰ 'ਚ ਟਰੈਫਿਕ ਦੀ ਸਮੱਸਿਆ ਕਾਰਨ ਨਾਜਾਇਜ਼ ਥੜ੍ਹਿਆਂ ਤੇ ਥੜ੍ਹੀਆਂ ਨੂੰ ਢਾਹਿਆ ਜਾਵੇ। ਅੱਜ ਕਾਰਵਾਈ ਕਰਨ ਤੋਂ ਪਹਿਲਾਂ ਲੋਕਾਂ ਨੂੰ ਮੁਨਿਆਦੀ ਕਰਵਾ ਕੇ ਸੂਚਿਤ ਕਰ ਦਿੱਤਾ ਗਿਆ ਸੀ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾ ਲਿਆ ਜਾਵੇ ਨਹੀਂ ਤਾਂ ਨਗਰ ਕੌਂਸਲ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ 'ਚ ਸਾਡਾ ਕੋਈ ਸਿਆਸੀ ਮੰਤਵ ਨਹੀਂ ਹੋਵੇਗਾ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ 
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਸੰਦੀਪ ਕੁਮਾਰ ਬਿੰਟਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੀਟਿੰਗ 'ਚ ਬੈਠ ਕੇ ਮਤੇ ਪਾਸ ਕੀਤੇ ਸਨ, ਉਨ੍ਹਾਂ ਨੇ ਹੀ ਪ੍ਰਧਾਨ ਨੂੰ ਜਾਣਬੁੱਝ ਕੇ ਬਦਨਾਮ ਕਰਨ ਖਾਤਰ ਰੌਲਾ ਪਾਇਆ। ਪ੍ਰਧਾਨ ਨੇ ਕੋਈ ਪੱਖਪਾਤ ਨਹੀਂ ਕੀਤਾ। ਪ੍ਰਧਾਨ ਨੇ ਲੋਕਾਂ ਦੀ ਸਹੂਲਤ ਲਈ ਇਹ ਕਦਮ ਚੁੱਕਿਆ ਤਾਂ ਕਿ ਸ਼ਹਿਰ ਅੰਦਰ ਟਰੈਫਿਕ ਸਮੱਸਿਆ ਦਾ ਹੱਲ ਨਿਕਲ ਜਾਵੇ।