ਮੁਲਾਜ਼ਮਾਂ ਦੀ ਹੜਤਾਲ, ਸੜਕਾਂ ''ਤੇ ਲੱਗੇ ਕੂੜੇ ਦੇ ਢੇਰ

03/14/2018 3:19:43 AM

ਬਠਿੰਡਾ(ਪਰਮਿੰਦਰ)- ਘਰ-ਘਰ ਕੂੜਾ ਚੁੱਕ ਕੇ ਉਸ ਦਾ ਨਿਪਟਰਾ ਕਰਨ ਵਾਲੀ ਕੰਪਨੀ ਜੇ. ਆਈ. ਟੀ. ਐੱਫ. ਵੱਲੋਂ ਆਪਣਾ ਕੰਮ ਮਈ ਮਹੀਨੇ 'ਚ ਬੰਦ ਕਰਨ ਤੋਂ ਨਾਰਾਜ਼ ਕੰਪਨੀ ਦੇ ਮੁਲਾਜ਼ਮ ਹੜਤਾਲ 'ਤੇ ਹਨ, ਜਿਸ ਕਾਰਨ ਮਹਾਨਗਰ 'ਚ ਸਫਾਈ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜੀ ਰਹੀ ਹੈ। ਬੇਸ਼ੱਕ ਨਗਰ ਨਿਗਮ ਵੱਲੋਂ ਕਈ ਥਾਵਾਂ ਤੋਂ ਕੂੜਾ ਚੁੱਕਿਆ ਵੀ ਗਿਆ ਪਰ ਮਹਾਨਗਰ ਤੋਂ ਹਰ ਰੋਜ਼ ਨਿਕਲਣ ਵਾਲੇ ਕੂੜੇ ਨੂੰ ਚੁੱਕਣਾ ਤੇ ਸਾਲਿਡ ਵੇਸਟ ਪਲਾਂਟ ਤੱਕ ਪਹੁੰਚਾਉਣਾ ਆਸਾਨ ਨਹੀਂ ਹੈ। ਇਸ ਕਾਰਨ ਜ਼ਿਆਦਾਤਰ ਥਾਵਾਂ 'ਤੇ ਕੂੜਾ ਚੁੱਕਿਆ ਨਹੀਂ ਜਾ ਸਕਿਆ। ਮਹਾਨਗਰ ਤੋਂ ਰੋਜ਼ਾਨਾ 100 ਤੋਂ 110 ਟਨ ਕੂੜਾ ਨਿਕਲਦਾ ਹੈ, ਜਿਸ ਨੂੰ ਸਾਲਿਡ ਵੇਸਟ ਪਲਾਂਟ ਤੱਕ ਪਹੁੰਚਾ ਕੇ ਉਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਕੰਪਨੀ ਦੇ ਲਗਭਗ 350 ਮੁਲਾਜ਼ਮ ਕਰੀਬ 65 ਹਜ਼ਾਰ ਘਰਾਂ ਤੇ ਵਪਾਰਕ ਥਾਵਾਂ ਤੋਂ ਕੂੜਾ ਚੁੱਕ ਕੇ ਉਸ ਨੂੰ ਸੈਕੰਡਰੀ ਪੁਆਇੰਟ ਤੱਕ ਪਹੁੰਚਾਉਂਦੇ ਹਨ, ਜਿੱਥੋਂ ਕੰਪਨੀ ਦੇ ਹੀ ਮੁਲਾਜ਼ਮ ਉਸ ਨੂੰ ਟਰੱਕਾਂ ਆਦਿ 'ਚ ਭਰ ਕੇ ਪਲਾਂਟ ਤੱਕ ਲੈ ਜਾਂਦੇ ਹਨ ਪਰ ਪਿਛਲੇ 4 ਦਿਨਾਂ ਤੋਂ ਸ਼ਹਿਰ ਦੇ ਘਰਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ। ਇਸ ਕਾਰਨ ਲੋਕ ਆਪਣਾ ਕੂੜਾ ਖੁਦ ਹੀ ਨਜ਼ਦੀਕੀ ਡੰਪਾਂ ਜਾਂ ਸੜਕਾਂ 'ਤੇ ਹੀ ਸੁੱਟਣ ਲੱਗੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਹੈ। ਸ਼ਹਿਰ ਦੇ ਸਾਰੇ ਡੰਪ ਕੂੜਿਆਂ ਨਾਲ ਭਰੇ ਹੋਏ ਹਨ ਤੇ ਕਈ ਥਾਵਾਂ 'ਤੇ ਤਾਂ ਕੂੜਾ ਸੜਕਾਂ ਤੱਕ ਆ ਗਿਆ ਹੈ।