ਦੇਰ ਰਾਤ ਹੋਰਡਿੰਗ ਉਤਾਰਨ ਕਾਰਨ ਸਾਬਕਾ ਅਕਾਲੀ ਕੌਂਸਲਰ ਦੇ ਪਤੀ ਤੇ ਸੁਪਰਡੈਂਟ ''ਚ ਹੋਇਆ ਵਿਵਾਦ

12/30/2017 5:55:09 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜਣ ਨਾਲ ਹੀ ਸ਼ਹਿਰ ਭਰ 'ਚ ਸਿਆਸੀ ਹੋਰਡਿੰਗਜ਼ ਦੀ ਭਰਮਾਰ ਲੱਗ ਗਈ ਹੈ, ਜਿਸ 'ਚ ਸਾਬਕਾ ਕੌਂਸਲਰਾਂ ਦੇ ਇਲਾਵਾ ਉਨ੍ਹਾਂ ਲੋਕਾਂ ਨੇ ਹੋਰਡਿੰਗ ਲਾਏ ਹਨ, ਜੋ ਟਿਕਟਾਂ ਦੇ ਦਾਅਵੇਦਾਰ ਹਨ। ਇਨ੍ਹਾਂ 'ਚ ਅਕਾਲੀ-ਭਾਜਪਾ ਅਤੇ ਦੂਜੀਆਂ ਪਾਰਟੀਆਂ ਦੇ ਇਲਾਵਾ ਆਜ਼ਾਦ ਉਮੀਦਵਾਰ ਉਤਰਨ ਦੇ ਚਾਹਵਾਨ ਨੇਤਾਵਾਂ ਦੇ ਹੋਰਡਿੰਗਜ਼ ਤੋਂ ਕਾਂਗਰਸੀ ਕਾਫੀ ਪ੍ਰੇਸ਼ਾਨ ਦੱਸੇ ਜਾਂਦੇ ਹਨ, ਜਿਨ੍ਹਾਂ ਵਲੋਂ ਦਬਾਅ ਬਣਾਉਣ 'ਤੇ ਨਗਰ ਨਿਗਮ ਵਲੋਂ ਬੁੱਧਵਾਰ ਰਾਤ ਨੂੰ ਨਾਜਾਇਜ਼ ਹੋਰਡਿੰਗਜ਼ ਹਟਾਉਣ ਦੀ ਮੁਹਿੰਮ ਚਲਾਈ ਗਈ, ਜਿਸ ਦਾ ਬੀ. ਆਰ. ਐੱਸ. ਨਗਰ ਇਲਾਕੇ 'ਚ ਸਾਬਕਾ ਅਕਾਲੀ ਕੌਂਸਲਰ ਦੇ ਪਤੀ ਹਰਪ੍ਰੀਤ ਬੇਦੀ ਨੇ ਵਿਰੋਧ ਕੀਤਾ। ਉਸ ਨੇ ਨਿਗਮ ਟੀਮ 'ਤੇ ਜਾਣਬੁੱਝ ਕੇ ਅਕਾਲੀਆਂ ਦੇ ਹੋਰਡਿੰਗਜ਼ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਇਸ ਕਾਰਨ ਬੇਦੀ ਦੀ ਸੁਪਰਡੈਂਟ ਜਸਦੇਵ ਸੇਖੋਂ ਦੇ ਨਾਲ ਬਹਿਸ ਹੋ ਗਈ, ਜੋ ਵਿਵਾਦ ਦੇਰ ਰਾਤ ਤੱਕ ਜਾਰੀ ਰਿਹਾ, ਜਿਸ ਕਾਰਨ ਨਿਗਮ ਅਫਸਰਾਂ ਨੇ ਦਾਅਵਾ ਕੀਤਾ ਕਿ ਬਿਨਾਂ ਕਿਸੇ ਪੱਖਪਾਤ ਦੇ ਸਾਰੀਆਂ ਪਾਰਟੀਆਂ ਵਲੋਂ ਲਾਏ ਗਏ ਹੋਰਡਿੰਗਜ਼ ਨੂੰ ਉਤਾਰਿਆ ਗਿਆ ਹੈ। 
ਨਾਜਾਇਜ਼ ਹੋਰਡਿੰਗ ਫ੍ਰੀ ਸਿਟੀ ਸਬੰਧੀ ਕਮਿਸ਼ਨਰ ਦੇ ਦਾਅਵੇ ਦੀ ਹਵਾ ਨਿਕਲੀ
ਇਥੇ ਦੱਸਣਾ ਬਣਦਾ ਹੈ ਕਿ ਸ਼ਹਿਰ 'ਚ ਸਿਆਸੀ ਹੋਰਡਿੰਗਜ਼ ਦੇ ਇਲਾਵਾ ਸਮਾਜਕ ਅਤੇ ਧਾਰਮਕ ਹੋਰਡਿੰਗ ਵੀ ਵੱਡੀ ਗਿਣਤੀ 'ਚ ਲੱਗੇ ਹੋਏ ਹਨ। ਜਦਕਿ ਸੜਕਾਂ ਦੇ ਕਿਨਾਰੇ ਅਤੇ ਚੌਕਾਂ 'ਚ ਹੋਰਡਿੰਗ ਲਾਉਣ ਦੀ ਮਨਾਹੀ ਹੈ, ਜਿਸ ਦੀ ਉਲੰਘਣਾ ਕਰਨ ਵਾਲਿਆਂ 'ਤੇ 50 ਹਜ਼ਾਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਪਰ ਵਿਰੋਧ ਦੇ ਡਰ ਨਾਲ ਨਿਗਮ ਕਰਮਚਾਰੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਨੇ ਕੁੱਝ ਦਿਨ ਪਹਿਲਾਂ ਨਾਜਾਇਜ਼ ਹੋਰਡਿੰਗ ਫ੍ਰੀ ਸਿਟੀ ਸਬੰਧੀ ਚਾਰੋਂ ਜ਼ੋਨਾਂ ਦੇ ਸਟਾਫ ਨੂੰ ਨਿਰਦੇਸ਼ ਦਿੱਤੇ ਸਨ। ਉਸ ਦੇ ਤਹਿਤ ਪਹਿਲਾਂ ਤਾਂ ਪੂਰੀ ਕਾਰਵਾਈ ਨਹੀਂ ਹੋ ਸਕੀ। ਹੁਣ ਚੋਣਾਂ ਦੇ ਮੌਸਮ 'ਚ ਆਈ ਸਿਆਸੀ ਹੋਰਡਿੰਗਜ਼ ਦੀ ਭਰਮਾਰ ਨੇ ਬਾਕੀ ਦੀ ਕਸਰ ਪੂਰੀ ਕਰ ਦਿੱਤੀ ਹੈ।