ਕੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹੈ ਨਗਰ ਨਿਗਮ

11/04/2017 6:16:54 AM

ਜਲੰਧਰ(ਰਾਜ ਸ਼ਰਮਾ)- ਸ਼ਹਿਰ ਵਿਚਕਾਰ ਲੰਘਦੀਆਂ ਰੇਲ ਲਾਈਨਾਂ ਹੇਠਾਂ ਬਣੇ ਅੰਡਰ ਬ੍ਰਿਜ, ਜਿਸ ਦਾ 28 ਸਤੰਬਰ 2016 ਨੂੰ ਉਦਘਾਟਨ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ, ਨੂੰ ਇਕ ਸਾਲ ਬੀਤ ਗਿਆ। ਇਸੇ ਸਾਲ 2017 ਨੂੰ ਬਰਸਾਤਾਂ ਵਿਚ ਨਵੇਂ ਬਣੇ ਅੰਡਰ ਬ੍ਰਿਜ ਵਿਚ ਕਈ ਫੁੱਟ ਪਾਣੀ ਭਰ ਗਿਆ। ਇਸ ਨੇ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਇਹ ਚੰਦਨ ਨਗਰ ਅੰਡਰ ਬ੍ਰਿਜ ਜਦੋਂ ਤੋਂ ਬਣਿਆ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਦੀ ਸੁਰੱਖਿਆ ਕਾਰਨਾਂ ਕਾਰਨ ਇਸ ਅੰਡਰ ਬ੍ਰਿਜ ਦੇ ਹੇਠਾਂ ਸਨੈਚਿੰਗ ਤੋਂ ਬਾਅਦ ਪੀ. ਸੀ. ਆਰ. ਦੀ ਤਾਇਨਾਤੀ ਕਰਨੀ ਪਈ ਸੀ। ਉਸ ਤੋਂ ਬਾਅਦ ਅੰਡਰ ਬ੍ਰਿਜ ਦੇ ਡਿਜ਼ਾਈਨ ਨੂੰ ਲੈ ਕੇ ਉਸ ਤੋਂ ਬਾਅਦ ਮਾਨਸੂਨ ਆਉਣ ਤੋਂ ਬਾਅਦ ਹੋਈ ਬਰਸਾਤ ਦੇ ਪਾਣੀ ਨਾਲ ਅੰਡਰ ਬ੍ਰਿਜ ਦਾ ਰਸਤਾ ਬੰਦ ਹੋਣ ਤੋਂ ਬਾਅਦ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਕੱਢਣ ਲਈ ਸੜਕ ਦਰਮਿਆਨ ਵਾਟਰ ਲਿਫਟਿੰਗ ਪੰਪ ਲਗਾ ਦਿੱਤਾ ਗਿਆ। ਇਸ ਪੰਪ ਦੇ ਸੜਕ ਵਿਚਕਾਰ ਲੱਗੇ ਹੋਣ ਕਾਰਨ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਕਰੀਏ ਸਵੇਰ ਦੀ ਤਾਂ ਉਥੇ ਸਵੇਰੇ ਲੰਘਣ ਵਾਲੀਆਂ ਸਕੂਲੀ ਬੱਸਾਂ ਕਾਰਨ ਜਾਮ ਲੱਗ ਜਾਂਦਾ ਹੈ। ਦੁਪਹਿਰ ਨੂੰ ਸਕੂਲਾਂ 'ਚ ਛੁੱਟੀ ਵੇਲੇ ਵੀ ਅਜਿਹੇ ਹੀ ਹਾਲਾਤ ਬਣੇ ਰਹਿੰਦੇ ਹਨ।
6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਗਰ ਨਿਗਮ ਤੇ ਮੌਜੂਦਾ ਸਰਕਾਰ ਵੱਲੋਂ ਆਪਣੀ ਇੱੱਜ਼ਤ ਬਚਾਉਣ ਕਾਰਨ ਅੰਡਰ ਬ੍ਰਿਜ ਦਾ ਪਾਣੀ ਤਾਂ ਕੱਢ ਦਿੱਤਾ ਗਿਆ ਪਰ ਪਾਣੀ ਕੱਢਣ ਤੋਂ ਬਾਅਦ ਵਾਟਰ ਲਿਫਟਿੰਗ ਪੰਪ ਨੂੰ ਸੜਕ ਵਿਚਕਾਰ ਲਗਾ ਕੇ ਭੁੱਲ ਗਏ। ਅਜਿਹਾ ਲੱਗਦਾ ਹੈ ਕਿ ਨਗਰ ਨਿਗਮ ਅਧਿਕਾਰੀ ਕਿਸੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਨ।