ਕੇਬਲ ਦੇ ਸਰਵੇ ਨੂੰ ਲੈ ਕੇ ਈ. ਓ. ਅਤੇ ਮੁਲਾਜ਼ਮਾਂ ''ਚ ਤਕਰਾਰ

07/25/2017 5:51:22 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਨਗਰ ਕੌਂਸਲ ਦੇ ਦਫ਼ਤਰ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸ਼ਹਿਰ 'ਚ ਕੇਬਲ ਦੇ ਸਰਵੇ ਨੂੰ ਲੈ ਕੇ ਈ. ਓ. ਅਤੇ ਨਗਰ ਕੌਂਸਲ ਦੇ ਕਰਮਚਾਰੀਆਂ 'ਚ ਤਕਰਾਰ ਹੋ ਗਿਆ। ਈ. ਓ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸ਼ਹਿਰ ਵਿਚ ਕੇਬਲ ਦਾ ਸਰਵੇ ਕਰਨ ਲਈ ਕਿਹਾ ਜਾ ਰਿਹਾ ਸੀ। ਜਦੋਂ ਕਿ ਕਰਮਚਾਰੀ ਇਹ ਸਰਵੇ ਕਰਨ ਤੋਂ ਇਨਕਾਰ ਕਰ ਰਹੇ ਸਨ। ਈ. ਓ. ਵੱਲੋਂ ਕਾਰਵਾਈ ਦੀ ਚਿਤਾਵਨੀ ਦੇਣ 'ਤੇ ਨਗਰ ਕੌਂਸਲ ਦੇ ਕਰਮਚਾਰੀ ਭੜਕ ਉਠੇ ਅਤੇ ਉਨ੍ਹਾਂ ਨੇ ਨਗਰ ਕੌਂਸਲ ਦੇ ਦਫਤਰ ਦੇ ਬਾਹਰ ਈ. ਓ. ਖਿਲਾਫ ਧਰਨਾ ਲਾ ਦਿੱਤਾ। 
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਰਮਚਾਰੀ ਹਰਬਖਸ਼ ਸਿੰਘ ਕਾਕਾ ਅਤੇ ਸਤਪਾਲ ਨੇ ਕਿਹਾ ਕਿ ਈ. ਓ. ਦੇ ਰਵੱਈਏ ਕਾਰਨ ਹੀ ਸਾਨੂੰ ਅੱਜ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਸ਼ਹਿਰ ਵਿਚ ਕੇਬਲ ਦਾ ਸਰਵੇ ਕਰਨ ਲਈ ਸਾਨੂੰ ਜ਼ਬਰਦਸਤੀ ਫੀਲਡ ਵਿਚ ਭੇਜਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸ਼ਹਿਰ ਵਿਚ ਜਾ ਕੇ ਸਰਵੇ ਕਰੋ ਕਿ ਕਿਸ ਘਰ ਵਿਚ ਕੇਬਲ ਲੱਗੀ ਹੋਈ ਹੈ ਅਤੇ ਕਿਸ ਘਰ ਵਿਚ ਡਿਸ਼ ਲੱਗੀ ਹੈ। ਇਸ ਕੰਮ ਲਈ ਅਸੀਂ ਗਏ ਵੀ ਸੀ ਪਰ ਲੋਕਾਂ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ। ਇੰਨਾ ਹੀ ਨਹੀਂ ਸਾਡੇ 'ਤੇ ਦਫ਼ਤਰੀ ਕੰਮ ਤੋਂ ਇਲਾਵਾ ਹੋਰ ਵੀ ਕਈ ਵਾਧੂ ਕੰਮਾਂ ਦਾ ਬੋਝ ਹੈ। ਦੂਜੀਆਂ ਨਗਰ ਕੌਂਸਲਾਂ ਵੱਲੋਂ ਇਹ ਕੰਮ ਪ੍ਰਾਈਵੇਟ ਠੇਕੇ 'ਤੇ ਕਰਵਾਇਆ ਜਾ ਰਿਹਾ ਹੈ ਪਰ ਬਰਨਾਲਾ ਵਿਚ ਇਹ ਕੰਮ ਸਾਡੇ ਕੋਲੋਂ ਜ਼ਬਰਦਸਤੀ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਦੇਵ ਰਾਜ ਬਰੇਟਾ,  ਸੁਸ਼ੀਲ ਕੁਮਾਰ, ਮਨਜੀਤ ਕੁਮਾਰ, ਪਰਮਿੰਦਰ ਕੌਰ, ਗੋਬਿੰਦ ਪਾਲ, ਜਸਵੰਤ ਸਿੰਘ, ਜਗਜੀਤ ਸਿੰਘ, ਰਾਜੇਸ਼ ਮੋਦੀ, ਨਰੇਸ਼ ਕੁਮਾਰ, ਗੁਰਮੀਤ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਭਾਰੀ ਸੰਖਿਆ ਵਿਚ ਕਰਮਚਾਰੀ ਹਾਜ਼ਰ ਸਨ।