ਮੁੱਲਾਂਪੁਰ ਦਾਖਾ ''ਚ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਸ਼ੁਰੂ

08/17/2019 11:08:47 AM

ਲੁਧਿਆਣਾ (ਨਰਿੰਦਰ) : ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਮੁੱਲਾਂਪੁਰ ਦਾਖਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੱਖ-ਵੱਖ ਸਿਆਸੀ ਗਲਿਆਰਿਆਂ 'ਚ ਹਲਚਲ ਵਧ ਗਈ ਹੈ। ਕਾਂਗਰਸ ਤੋਂ ਇਲਾਵਾ ਸੂਬੇ ਦੀਆਂ ਬਾਕੀ ਪਾਰਟੀਆਂ ਵਲੋਂ ਵੀ ਆਪੋ-ਆਪਣੇ ਉਮੀਦਵਾਰ ਲੱਭਣੇ ਸ਼ੁਰੂ ਕਰ ਦਿੱਤੇ ਗਏ ਹਨ। ਇਕ ਪਾਸੇ ਜਿੱਥੇ ਲੋਕ ਮੁੱਲਾਂਪੁਰ ਦਾਖਾ ਤੋਂ ਵੱਡਾ ਵੋਟ ਬੈਂਕ ਹਾਸਲ ਕਰ ਚੁੱਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਮੁੱਲਾਂਪੁਰ ਦਾਖਾ 'ਚ ਉੱਥੋਂ ਦਾ ਹੀ ਕੋਈ ਕਾਬਿਲ ਉਮੀਦਵਾਰ ਚੋਣ ਮੈਦਾਨ 'ਚ ਉਤਾਰਨਗੇ।

ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਇਆਲੀ ਨੇ ਕਿਹਾ ਹੈ ਕਿ ਸਾਲ 2012 'ਚ ਉਹ ਖੁਦ ਬਤੌਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਦੌਰਾਨ ਜੋ ਹਲਕੇ ਦੇ ਕੰਮ ਕਰਾਏ, ਉਹ ਅਜੇ ਤੱਕ ਸਿਰੇ ਨਹੀਂ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕੰਮ ਨਾ ਕੀਤੇ ਜਾਣ ਦਾ ਅਸਰ ਜ਼ਿਮਨੀ ਚੋਣਾਂ 'ਤੇ ਪਵੇਗਾ। ਮੁੱਲਾਂਪੁਰ ਦਾਖਾ 'ਚ ਜ਼ਿਮਨੀ ਚੋਣ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ ਪਰ ਦਾਖਾ ਤੋਂ ਵੱਖ-ਵੱਖ ਆਗੂਆਂ ਵਲੋਂ ਆਪੋ-ਆਪਣੀਆਂ ਦਾਅਵੇਦਾਰੀਆਂ ਨੂੰ ਲੈ ਕੇ ਸ਼ਕਤੀ ਪ੍ਰਦਰਸ਼ਨ ਪਾਰਟੀ ਨੂੰ ਦਿਖਾਉਣ ਦੀ ਕਵਾਇਦ ਜ਼ਰੂਰ ਸ਼ੁਰੂ ਹੋ ਗਈ ਹੈ। ਇਹ ਵੀ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਦਾਖਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਅਥੇ ਬੀਤੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰਾਂ ਦਾ ਨਾਂ ਵੀ ਦੌੜ 'ਚ ਚੱਲ ਰਿਹਾ ਹੈ। 

Babita

This news is Content Editor Babita