ਮੁਕਤਸਰ 'ਚ ਨੌਜਵਾਨਾਂ ਨੇ ਕੱਢਿਆ ਵਿਸ਼ਾਲ ਨਸ਼ਾ ਵਿਰੋਧੀ ਮਾਰਚ

09/22/2019 10:54:10 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਇਕੱਠੇ ਹੋਏ ਨੌਜਵਾਨਾਂ ਵਲੋਂ ਆਪਣੇ ਪੱਧਰ 'ਤੇ ਵਿਸ਼ਾਲ ਨਸ਼ਾ ਵਿਰੋਧੀ ਮਾਰਚ ਕੀਤਾ ਗਿਆ। ਸਰਕਾਰੀ ਕਾਲਜ ਤੋਂ ਸ਼ੁਰੂ ਹੋਏ ਇਸ ਮਾਰਚ 'ਚ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਨਸ਼ਾ ਵਿਰੋਧੀ ਦੇ ਜ਼ੋਰਦਾਰ ਨਾਅਰੇ ਲਾਉਂਦੇ ਉਕਤ ਨੌਜਵਾਨ ਕੋਟਕਪੂਰਾ ਚੌਕ ਪਹੁੰਚੇ। ਵਰਨਣਯੋਗ ਹੈ ਕਿ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਆਗੂ ਦੀ ਸ਼ਮੂਲੀਅਤ ਦੇ ਕੱਢੇ ਗਏ ਇਸ ਮਾਰਚ 'ਚ ਆਪ ਮੁਹਾਰੇ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਪਹੁੰਚੇ ਨੌਜਵਾਨਾਂ ਦਾ ਇਕੱਠ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਪ੍ਰਿੰਸ ਚਾਵਲਾ ਅਤੇ ਕੁਲਵਿੰਦਰ ਅਸ਼ੋਕੀ ਨੇ ਕਿਹਾ ਕਿ ਉਹ ਹਰ ਮੁਹੱਲੇ ’ਚ ਕਮੇਟੀਆਂ ਗਠਿਤ ਕਰ ਰਹੇ ਹਨ। ਇਹ ਕਮੇਟੀਆਂ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਦੀ ਸੂਚਨਾ ਦੇਣਗੀਆਂ, ਜਿਸਦੇ ਬਾਅਦ ਪਹਿਲਾਂ ਇਸ ਸਬੰਧ ’ਚ ਪੁਲਿਸ ਨੂੰ ਸੂਚਨਾ ਦਿੱਤੀ ਜਾਵੇਗੀ। ਸੂਚਨਾ ਤੋਂ ਬਾਅਦ ਪੁਲਸ ਨੂੰ ਦਸ ਦਿਨ ਦਾ ਸਮਾਂ ਦਿੱਤਾ ਜਾਵੇਗਾ, ਜੇਕਰ ਪੁਲਸ ਨੇ ਕੋਈ ਕਾਰਵਾਈ ਅਮਲ ’ਚ ਨਾ ਲਿਆਂਦੀ ਤਾਂ 11ਵੇਂ ਦਿਨ ਉਹ ਖੁਦ ਕਾਰਵਾਈ ਕਰਨਗੇ। ਫਿਰ ਉਹ ਆਪਣੇ ਹਿਸਾਬ ਨਾਲ ਫੈਸਲਾ ਲੈਣਗੇ ਕਿ ਨਸ਼ਾ ਵੇਚਣ ਵਾਲੇ ਦਾ ਕੀ ਕਰਨਾ ਹੈ, ਕਿਉਂਕਿ ਜੇਕਰ ਸਰਕਾਰ ਚਾਹੇ ਤਾਂ ਨਸ਼ੇ ਦਾ ਹੱਲ ਕਰ ਸਕਦੀ ਹੈ ਪਰ ਸਰਕਾਰ ਚਾਹੁੰਦੀ ਹੀ ਨਹੀਂ। ਨਸ਼ੇ ਨੇ ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਬਰਬਾਦ ਕਰ ਦਿੱਤਾ ਹੈ, ਜਿਸਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋਡ਼ ਹੈ। ਉਹ ਮੁਕਤਸਰ ’ਚੋਂ ਚਿੱਟਾ ਖ਼ਤਮ ਕਰਕੇ ਹੀ ਦਮ ਲੈਣਗੇ। ਚਿੱਟਾ ਹਰ ਰੋਡ ’ਤੇ ਸ਼ਰੇਆਮ ਵਿੱਕ ਰਿਹਾ ਹੈ। ਜੋ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਹਰ ਹਫ਼ਤੇ ’ਚ ਮੀਟਿੰਗ ਹੋਵੇਗੀ ਅਤੇ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵੀ ਵਿਚਾਰਿਆ ਜਾਵੇਗਾ ਤੇ ਉਨ੍ਹਾਂ ਦਾ ਹੱਲ ਕੱਢਿਆ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਐਨੀ ਵੱਡੀ ਗਿਣਤੀ ’ਚ ਮੁਕਤਸਰ ’ਚ ਨੌਜਵਾਨਾਂ ਨੇ ਨਸ਼ੇ ਦੇ ਖਿਲਾਫ਼ ਕੋਈ ਰੈਲੀ ਕੀਤੀ ਹੋਵੇ। ਇਸ ਸਮੇਂ ਸੋਨੂੰ ਮੰਤਰੀ, ਲਖਵਿੰਦਰ ਲੱਕੀ, ਹੈਪੀ ਘੱਟੀ, ਬਿੱਟੂ ਗਗਨੇਜਾ, ਅਨੁਰਾਗ ਸ਼ਰਮਾ, ਜਤਿੰਦਰ ਭਾਰਤੀ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।

rajwinder kaur

This news is Content Editor rajwinder kaur