ਇਹ ਹੈ ਮੁਗਲ ਨੂਰਦੀਨ ਦੀ ਕਬਰ, ਜਿਥੇ ਅੱਜ ਵੀ ਜੁੱਤੀਆਂ ਮਾਰਦੇ ਹਨ ਲੋਕ

01/12/2020 1:51:51 PM

ਸ੍ਰੀ ਮੁਕਤਸਰ ਸਾਹਿਬ (ਰਿਣੀ)- ਸ੍ਰੀ ਮੁਕਤਸਰ ਸਾਹਿਬ ਦੇ ਨਾਲ ਸਬੰਧਿਤ ਇਤਿਹਾਸ ’ਚ ਇਕ ਅਜਿਹੇ ਮੁਗਲ ਦੀ ਕਬਰ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਆਉਂਦਾ ਹੈ, ਜਿਸ ’ਤੇ ਅੱਜ ਵੀ ਲੋਕ ਜੁੱਤੀਆਂ ਮਾਰਦੇ ਹਨ। ਇਹ ਕਬਰ ਨੁਰਦੀਨ ਮੁਗਲ ਦੀ ਕਬਰ ਹੈ। ਨੂਰਦੀਨ ਦੀ ਕਬਰ ਸ੍ਰੀ ਦਰਬਾਰ ਸਾਹਿਬ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ ਤੋਂ ਥੋੜਾ ਅੱਗੇ ਅਤੇ ਗੁਰਦੁਆਰਾ ਦਾਤਣਸਰ ਦੇ ਬਿਲਕੁਲ ਨੇੜੇ ਹੈ। ਮਾਘੀ ਦੇ ਇਤਿਹਾਸਰ ਮੇਲੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ’ਚੋਂ ਬਹੁਤ ਸਾਰੇ ਸਿੱਖ ਸ਼ਰਧਾਲੂ ਇਸ ਸਥਾਨ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਅਤੇ ਕਬਰ ’ਤੇ ਜੁੱਤੀਆਂ ਮਾਰਦੇ ਹਨ। ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ’ਚ ਪੁੱਜੇ ਤਾਂ ਕਾਗਨ ਦੇ ਸਥਾਨ 'ਤੇ ਉਨ੍ਹਾਂ ਦੇ ਦਰਬਾਰ ’ਚ ਬਹੁਤ ਸਾਰੇ ਸਿੱਖ ਯੋਧਿਆਂ ਦੀ ਭੀੜ ਹੋਣ ਲੱਗੀ।

ਇਸ ਦੌਰਾਨ ਮੁਗਲ ਸੂਹੀਆ ਨੂਰਦੀਨ, ਜੋ ਸੂਬਾ ਸਰਹਿੰਦ ਅਤੇ ਦਿੱਲੀ ਦੀ ਹਕੂਮਤ ਦੇ ਇਸ਼ਾਰੇ ’ਤੇ ਭੇਸ ਬਦਲ ਕੇ ਗੁਰੂ ਜੀ ਦਾ ਪਿੱਛਾ ਕਰ ਰਿਹਾ ਸੀ ਅਤੇ ਸਿੱਖ ਬਣ ਕੇ ਗੁਰੂ ਸਾਹਿਬ ਦੇ ਨੇੜੇ ਰਹਿਣ ਲੱਗਾ ਪਰ ਉਸ ਦਾ ਦਾਅ ਨਹੀਂ ਲੱਗਿਆ।ਜਦੋਂ ਗੁਰੂ ਸਾਹਿਬ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਪੁੱਜੇ ਤਾਂ ਉਹ ਮੁਗਲ ਨਾਲ ਆ ਗਿਆ। ਉਹ ਸਥਾਨ ਜਿਥੇ ਹੁਣ ਗੁਰਦੁਆਰਾ ਦਾਤਣਸਰ ਸਾਹਿਬ ਬਣਿਆ ਹੋਇਆ ਹੈ, ਵਿਖੇ ਆ ਕੇ ਜਦੋਂ ਗੁਰੂ ਸਾਹਿਬ ਜੰਗ ਤੋਂ ਅਗਲੇ ਦਿਨ ਦਾਤਣ ਕਰਨ ਲੱਗੇ ਤਾਂ ਪਿਛਲੇਂ ਪਾਸਿਓਂ ਉਸ ਮੁਗਲ ਨੇ ਤਲਵਾਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੁਰੂ ਸਾਹਿਬ ਨੇ ਫੁਰਤੀ ਨਾਲ ਉਸ ਦਾ ਵਾਰ ਰੋਕ ਦਿੱਤਾ ਅਤੇ ਉਸ ਦੇ ਮੂੰਹ 'ਤੇ ਸਰਬ ਲੋਹ ਦਾ ਗੜਵਾ ਮਾਰਿਆਂ ਤੇ ਉਸ ਨੂੰ ਉਥੇ ਖਤਮ ਕਰ ਦਿੱਤਾ। ਬਾਅਦ ’ਚ ਨੂਰਦੀਨ ਦੀ ਉਥੇ ਕਬਰ ਬਣਾ ਦਿੱਤੀ ਗਈ ਅਤੇ ਲੋਕ ਉਸ ਕਬਰ 'ਤੇ ਜੁੱਤੀਆਂ ਮਾਰਦੇ ਹਨ। ਨੂਰਦੀਨ ਦੀ ਕਬਰ ਨੂੰ ਲੋਕ ਜੁੱਤੀਆਂ ਮਾਰ-ਮਾਰ ਕੇ ਢਾਹ ਦਿੰਦੇ ਹਨ ਅਤੇ ਫਿਰ ਦੁਆਰਾ ਕਬਰ ਤਿਆਰ ਕਰ ਦਿੱਤੀ ਜਾਂਦੀ ਹੈ।

rajwinder kaur

This news is Content Editor rajwinder kaur