ਪਿੰਡ ਭੰਗਜੜੀ ਦੇ ਗੁਰਿੰਦਰ ਨੇ ਪਰਾਲੀ ਸੰਭਾਲ ਕੀਤੀ ਆਰਗੈਨਿਕ ਖੇਤੀ, ਬਣਿਆ ਹੋਰਾਂ ਲਈ ਮਿਸਾਲ

10/22/2019 1:17:31 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਜੜੀ ਦਾ ਕਿਸਾਨ ਗੁਰਿੰਦਰ ਸਿੰਘ ਬਰਾੜ ਹੋਰਨਾਂ ਲੋਕਾਂ ਲਈ ਮਿਸਾਲ ਬਣਦਾ ਜਾ ਰਿਹਾ ਹੈ। ਇਸ ਕਿਸਾਨ ਨੇ ਪਿੱਛਲੇ 5 ਸਾਲ ਤੋਂ ਜਿੱਥੇ ਪਰਾਲੀ ਸਾੜਨ ਤੋਂ ਤੋਬਾ ਕੀਤੀ, ਉਥੇ ਹੀ ਇਸ ਨੇ ਪੜਾਅਵਾਰ ਤਰੀਕੇ ਨਾਲ ਆਪਣੀ ਖੇਤੀ ਨੂੰ ਕੁਦਰਤੀ ਢੰਗ ਤਰੀਕਿਆਂ ਨਾਲ ਕਰਨ ਦਾ ਰਾਹ ਚੁਣਿਆ ਹੈ। ਗੁਰਿੰਦਰ ਹੁਣ ਤੱਕ 5 ਏਕੜ ਜ਼ਮੀਨ 'ਤੇ ਆਰਗੈਨਿਕ ਖੇਤੀ ਸ਼ੁਰੂ ਕਰ ਚੁੱਕਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਨੇ ਦੱਸਿਆ ਕਿ ਉਸ ਨੂੰ ਧੂੰਏ ਤੋਂ ਐਲਰਜੀ ਸੀ। ਇਸ ਲਈ ਉਸ ਨੇ ਪਰਾਲੀ ਸਾੜਨ ਦਾ ਰਾਹ ਤਿਆਗ ਕੇ ਇਸ ਨੂੰ ਖੇਤ 'ਚ ਮਿਲਾਉਣ ਦਾ ਤਰੀਕਾ ਚੁਣਿਆ। ਉਹ ਰੋਟਾਵੇਟਰ ਦੀ ਮਦਦ ਨਾਲ ਪਰਾਲੀ ਖੇਤ 'ਚ ਮਿਲਾ ਦਿੰਦਾ ਹੈ। ਖੇਤ 'ਚ ਅਜਿਹਾ ਕਰਨ ਨਾਲ ਉਸ ਨੂੰ ਹੋਰਨਾਂ ਨਾਲੋਂ 5 ਮਣ ਕਣਕ ਵੱਧ ਹੋਈ। ਉਸ ਨੇ ਕਿਹਾ ਕਿ ਪਰਾਲੀ ਵਿਚਲੇ ਕੁਦਰਤੀ ਤੱਤ ਅਗਲੀ ਫਸਲ ਨੂੰ ਮਿਲ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ਸੁਧਾਰ ਹੋਣ ਕਾਰਨ ਫਸਲ ਦੀ ਉਪਜ 'ਚ ਵਾਧਾ ਹੁੰਦਾ ਹੈ। ਉਸ ਨੇ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਸਾਡਾ ਸਿਰਫ ਵਹਿਮ ਹੈ ਕਿ ਪਰਾਲੀ ਖੇਤ 'ਚ ਮਿਲਾਉਣ ਨਾਲ ਕਣਕ ਚੰਗੀ ਨਹੀਂ ਹੁੰਦੀ ਸਗੋਂ ਪਰਾਲੀ ਖੇਤ 'ਚ ਮਿਲਾਉਣ ਨਾਲ ਤਾਂ ਕਣਕ ਦਾ ਝਾੜ ਵੱਧ ਨਿਕਲਦਾ ਹੈ।

ਆਰਗੈਨਿਕ ਖੇਤ ਰਾਹੀਂ ਕਮਾਇਆ ਨਾਮਾ
ਗੁਰਿੰਦਰ ਨੇ ਦੱਸਿਆ ਕਿ ਬੇਲੋੜੀਆਂ ਜ਼ਹਿਰਾਂ ਦੇ ਮਨੁੱਖੀ ਸਿਹਤ 'ਤੇ ਅਸਰ ਤੋਂ ਜਾਣੂ ਹੋਣ ਮਗਰੋਂ ਉਸ ਨੇ ਫਸਲਾਂ ਦੀ ਕਾਸ਼ਤ ਕੁਦਰਤੀ ਤਰੀਕਿਆਂ ਨਾਲ ਕਰਨ ਦੀ ਸੋਚੀ। ਇਸ ਤਰੀਕੇ ਨਾਲ ਹੁਣ ਉਹ 5 ਏਕੜ 'ਚ ਖੇਤੀ ਕਰ ਰਿਹਾ ਹੈ। ਉਹ ਕੁਦਰਤੀ ਤਰੀਕਿਆਂ ਨਾਲ ਬਿਮਾਰੀਆਂ ਅਤੇ ਕੀੜਿਆਂ ਨੂੰ ਕੰਟਰੋਲ ਕਰਦਾ ਹੈ। ਉਸ ਅਨੁਸਾਰ ਅਜਿਹੇ ਖੇਤਾਂ 'ਚ ਬੇਸ਼ੱਕ ਉਤਪਾਦਨ ਆਮ ਨਾਲੋਂ ਘੱਟ ਰਹਿੰਦਾ ਪਰ ਪਿੱਛਲੇ ਸਾਲ ਉਸ ਵਲੋਂ ਪੈਦਾ ਕੀਤੀ ਕਣਕ ਦੁੱਗਣੇ ਮੁੱਲ 'ਤੇ ਵਿਕੀ, ਜਿਸ ਨਾਲ ਉਸ ਦੇ ਸ਼ੁੱਧ ਲਾਭ 'ਚ ਵਾਧਾ ਹੋਇਆ। ਅਜਿਹੀ ਖੇਤੀ 'ਚ ਲਾਗਤ ਖਰਚਾ ਘੱਟ ਹੁੰਦਾ ਹੈ। ਉਸ ਨੇ ਕਿਹਾ ਕਿ ਇਸ ਸਾਲ ਉਹ ਆਰਗੈਨਿਕ ਬਾਸਮਤੀ ਤਿਆਰ ਕਰ ਰਿਹਾ ਹੈ। ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤ ਦਾ ਥੋੜਾ-ਥੋੜਾ ਹਿੱਸਾ ਕੁਦਰਤੀ ਖੇਤੀ ਹੇਠ ਲਿਆਉਣ।

ਖਾਦ ਦਾ ਕੰਮ ਕਰਦੀ ਹੈ ਪਰਾਲੀ
ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਜਦ ਅਸੀਂ ਖੇਤ 'ਚ ਮਿਲਾ ਦਿੰਦੇ ਹਾਂ ਤਾਂ ਇਹ ਮਿੱਟੀ 'ਚ ਮਿਲ ਕੇ ਖਾਦ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ 'ਚ ਮਿਲਾਉਣ ਨਾਲ ਅਸੀਂ ਰਸਾਇਣਕ ਖਾਦਾਂ 'ਤੇ ਆਪਣੀ ਨਿਰਭਰਤਾ ਘਟਾ ਸਕਦੇ ਹਾਂ।

rajwinder kaur

This news is Content Editor rajwinder kaur