ਰਾਤ ਸਮੇਂ ਔਰਤਾਂ ਨੂੰ ਮਿਲੇਗੀ ਮੁਫ਼ਤ ਪੁਲਸ ਸਹਾਇਤਾ : ਡੀ. ਐੱਸ. ਪੀ.

12/12/2019 12:25:54 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ ’ਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਦੀ ਅਗਵਾਈ ਵਿਚ ਜ਼ਿਲਾ ਪੁਲਸ ਨੇ ਤੁਰੰਤ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ। ਔਰਤਾਂ ਦੀ ਸੁਰੱਖਿਆ ਸਬੰਧੀ ਨੋਡਲ ਅਫ਼ਸਰ ਅਤੇ ਡੀ. ਐੱਸ. ਪੀ. ਐੱਚ. ਹਿਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਇਹ ਸਹੂਲਤ 112 ਅਤੇ 181 ਨੰਬਰ ’ਤੇ ਮੌਜੂਦ ਹੋਵੇਗੀ, ਜਿਨ੍ਹਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲਸ ਕੰਟਰੋਲ ਰੂਮ (ਪੀ. ਸੀ. ਆਰ .) ਨਾਲ ਜੁਡ਼ ਜਾਵੇਗੀ।

ਉਨ੍ਹਾਂ ਦੱਸਿਆ ਕਿ ਘਰ ਤਕ ਛੱਡਣ ਦੀ ਸੁਵਿਧਾ ਉਨ੍ਹਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨ੍ਹਾਂ ਦੀ ਟੈਕਸੀ ਜਾਂ ਥ੍ਰੀ-ਵ੍ਹੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਔਰਤਾਂ ਵਿਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਸਨ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਜਾਂ ਲਡ਼ਕੀਆਂ ਕਿਸੇ ਵੀ ਮੁਸ਼ਕਲ ਸਮੇਂ ਬੇਝਿਜਕ ਪੁਲਸ ਸਹਾਇਤ ਲੈਣ ਲਈ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਔਰਤਾਂ ਦੀ ਸੁਰੱਖਿਆ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਲਡ਼ਕੀਆਂ ਨੂੰ ਆਪਣੇ ਮੋਬਾਇਲ ਫੋਨ ’ਤੇ ਸ਼ਕਤੀ ਮੋਬਾਇਲ ਐਪ ਡਾਊਨਲੋਡ ਕਰਨ ਦੀ ਸਲਾਹ ਵੀ ਦਿੱਤੀ ਕਿਉਂਕਿ ਇਸ ਐਪ ਰਾਹੀਂ ਕਿਸੇ ਵੀ ਮੁਸੀਬਤ ਸਮੇਂ ਬਹੁਤ ਹੀ ਆਸਾਨੀ ਨਾਲ ਉਹ ਪੁਲਸ ਸਹਾਇਤਾ ਲੈ ਸਕਦੀਆਂ ਹਨ। ਉਨ੍ਹਾਂ ਦੇ ਮੋਬਾਇਲ ਦੀ ਲੋਕੇਸ਼ਨ ’ਤੇ ਪੁਲਸ ਤੁਰੰਤ ਸਹਾਇਤਾ ਲਈ ਪੁੱਜਦੀ ਹੈ।

rajwinder kaur

This news is Content Editor rajwinder kaur