ਸਰਕਾਰ ਜਿਹੜੀ ਮਰਜ਼ੀ ਹੋਵੇ, ਪੰਜਾਬ ਦੀ ਸਿਆਸਤ ''ਚ ਹਮੇਸ਼ਾ ਰਿਹਾ ''ਮੁਕਤਸਰੀਆਂ ਦਾ ਜਲਵਾ'' (ਦੇਖੋ ਤਸਵੀਰਾਂ)

08/02/2017 3:59:37 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ / ਪਵਨ ਤਨੇਜਾ )-ਮਾਲਵੇ ਦੇ ਚਰਚਿਤ ਤੇ ਪ੍ਰਸਿੱਧ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਨੂੰ ਇਹ ਮਾਣ ਹੈ ਕਿ ਪੰਜਾਬ ਦੀ ਸਿਆਸਤ ਵਿਚ ਇਸ ਜ਼ਿਲ੍ਹੇ ਨਾਲ ਸਬੰਧਿਤ ਸਿਆਸੀ ਆਗੂਆਂ ਨੇ ਵੱਡੀਆਂ ਮੱਲਾ ਮਾਰੀਆਂ ਹਨ। ਅਸਲ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਦੀ ਸਿਆਸਤ ਦਾ ਮੁੱਢ ਹੈ ਅਤੇ ਇਥੋਂ ਦੇ ਜੰਮਪਲ ਸਿਆਸੀ ਆਗੂ ਹਮੇਸ਼ਾ ਹੀ ਪੰਜਾਬ ਦੀ ਸਿਆਸਤ 'ਤੇ ਭਾਰੂ ਰਹੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਨੇ ਹੁਣ ਤਾਂ ਪੰਜਾਬ ਤੋਂ ਬਾਹਰ ਦਿੱਲੀ ਵਿਚ ਵੀ ਆਪਣੇ ਪੈਰ ਜਮਾ ਲਏ ਹਨ। ਸ : ਪ੍ਰਕਾਸ਼ ਸਿੰਘ ਬਾਦਲ, ਸ : ਸੁਖਬੀਰ ਸਿੰਘ ਬਾਦਲ, ਸ : ਗੁਰਦਾਸ ਸਿੰਘ ਬਾਦਲ ਸਾਬਕਾ ਮੈਂਬਰ ਪਾਰਲੀਮੈਂਟ , ਸ : ਮਨਪ੍ਰੀਤ ਸਿੰਘ ਬਾਦਲ ਖਜਾਨਾ ਮੰਤਰੀ , ਸ : ਹਰਦੀਪ ਸਿੰਘ ਬਾਦਲ ਸਾਬਕਾ ਮੰਤਰੀ , ਸਵ : ਸ੍ਰੀਮਤੀ ਸੁਰਿੰਦਰ ਕੌਰ ਬਾਦਲ ਸਾਰੇ ਹੀ ਬਾਦਲ ਪਿੰਡ ਦੇ ਵਸਨੀਕ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਨੂੰਹ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ : ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਦੇ ਵਿਧਾਇਕ ਵੀ ਹਨ , ਨੇ ਵੀ ਦਿੱਲੀ ਤੱਕ ਪਹੁੰਚ ਬਣਾ ਲਈ ਹੈ। ਸਾਬਕਾ ਮੈਂਬਰ ਪਾਰਲੀਮੈਂਟ ਸ : ਜਗਮੀਤ ਸਿੰਘ ਬਰਾੜ ਦੀ ਵੀ ਦਿੱਲੀ ਦੀ ਸਿਆਸਤ ਨਾਲ ਗੂੜੀ ਸਾਂਝ ਹੈ। ਇਸ ਤੋਂ ਪਹਿਲਾਂ ਸਾਬਕਾ ਮੈਂਬਰ ਪਾਰਲੀਮੈਟ ਸਵ :  ਭਾਈ ਸ਼ਮਿੰਦਰ ਸਿੰਘ ਨੇ ਵੀ ਦਿੱਲੀ ਤੱਕ ਸਿਆਸਤ ਵਿਚ ਲੰਮੀਆਂ ਉਡਾਰੀਆਂ ਮਾਰੀਆਂ ਸਨ। 
ਪਿੰਡ ਸਰਾਏਨਾਗਾ ਦੇ ਵਸਨੀਕ ਸਵ : ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਗਵਰਨਰ ਵੀ ਰਹੇ। ਉਹਨਾਂ ਦੀ ਪਤਨੀ ਸਵ : ਸ਼੍ਰੀਮਤੀ ਗੁਰਬਿੰਦਰ ਕੌਰ ਬਰਾੜ ਸਾਬਕਾ ਮੰਤਰੀ ਤੇ ਪੁੱਤਰ ਸਵ : ਕੰਵਲਜੀਤ ਸਿੰਘ ਸ਼ਨੀ ਬਰਾੜ ਸਾਬਕਾ ਵਿਧਾਇਕ ਰਹੇ। ਜਦ ਕਿ ਨੂੰਹ ਸ੍ਰੀਮਤੀ ਕਰਨ ਕੌਰ ਬਰਾੜ  ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ਵਿਧਾਇਕ ਹੈ। ਪਿੰਡ ਕੋਟਭਾਈ ਦੇ ਸਵ : ਸੁਜਾਨ ਸਿੰਘ ਸਾਬਕਾ ਮੰਤਰੀ ਰਹੇ ਹਨ ਤੇ ਉਹਨਾਂ ਨੇ ਹਰਿਆਣਾ ਵਿਚ ਵੀ ਐਮ. ਐਲ. ਏ. ਦੀ ਚੋਣ ਲੜੀ ਸੀ। ਜਦ ਕਿ ਉਹਨਾਂ ਦਾ ਪੁੱਤਰ ਸ : ਹਰਪ੍ਰੀਤ ਸਿੰਘ ਕੋਟਭਾਈ ਮਲੋਟ ਦਾ ਸਾਬਕਾ ਵਿਧਾਇਕ ਹੈ। ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ, ਸਾਬਕਾ ਵਿਧਾਇਕ ਨੱਥੂ ਰਾਮ, ਸਾਬਕਾ ਵਿਧਾਇਕ ਕਾਮਰੇਡ ਬਲਦੇਵ ਸਿੰਘ ਬੱਲਮਗੜ੍ਹ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਾਬਕਾ ਵਿਧਾਇਕ ਰਘਬੀਰ ਸਿੰਘ ਗਿੱਦੜਬਾਹਾ, ਸਾਬਕਾ ਵਿਧਾਇਕ ਰਿੱਪਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸਵ : ਉਜਾਗਰ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਸਵ : ਜਗਦੇਵ ਸਿੰਘ ਖੁੱਡੀਆਂ, ਸਾਬਕਾ ਵਿਧਾਇਕ ਸਵ : ਦਾਨਾ ਰਾਮ , ਸਾਬਕਾ ਵਿਧਾਇਕ ਸਵ : ਮਾਤੂ ਰਾਮ, ਸਾਬਕਾ ਮੈਂਬਰ ਰਾਜ ਸਭਾ ਸਵ : ਨਰਿੰਦਰ ਸਿੰਘ ਬਰਾੜ ਝੀਂਡਵਾਲਾ , ਸਾਬਕਾ ਮੈਂਬਰ ਰਾਜ ਸਭਾ ਸਵ : ਭੁਪਿੰਦਰ ਸਿੰਘ ਬਰਾੜ ਝੀਂਡਵਾਲਾ , ਸਾਬਕਾ ਵਿਧਾਇਕ ਸਵ : ਪੂਰਨ ਸਿੰਘ ਮਧੀਰ , ਸਾਬਕਾ ਮੰਤਰੀ ਸਵ : ਗੁਰਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਗੁਰਨੈਬ ਸਿੰਘ ਬਰਾੜ , ਸਵ : ਗੁਰਨਾਮ ਸਿੰਘ ਅਬਲਖੁਰਾਣਾ, ਸਾਬਕਾ ਵਿਧਾਇਕ ਸਵ : ਭਾਗ ਸਿੰਘ ਭੁੱਟੀਵਾਲਾ , ਸਾਬਕਾ ਮੰਤਰੀ ਸ : ਗੁਰਦੇਵ ਸਿੰਘ ਬਾਦਲ ਹਰਾਜਾਵਾਲਾ ਦਾ ਸਬੰਧ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਹੈ। 
ਇਨ੍ਹਾਂ ਤੋਂ ਇਲਾਵਾ ਮੌਜੂਦਾ ਸਮੇਂ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਮੁਕਤਸਰ ਦੇ ਅਨੇਕਾਂ ਨੌਜਵਾਨ ਸਰਗਰਮ ਹੋ ਕੇ ਕੰਮ ਕਰ ਰਹੇ ਹਨ ਤੇ ਸਿਆਸਤ ਵਿਚ ਆਪਣਾ ਕੱਦ ਵੱਡਾ ਕਰ ਰਹੇ ਹਨ। ਮੁੱਕਦੀ ਗੱਲ ਪੰਜਾਬ ਵਿਚ ਭਾਵੇਂ ਜਿਸ ਮਰਜੀ ਪਾਰਟੀ ਦੀ ਸਰਕਾਰ ਬਣੇ ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿਆਸੀ ਆਗੂਆਂ ਦਾ ਵੱਡਾ ਤੇ ਅਹਿਮ ਯੋਗਦਾਨ ਹੁੰਦਾ ਹੈ।