ਕਿੰਨਾ ਸੋਹਣਾ ਮੇਰੇ ਸ਼ਹਿਰ ਨੂੰ ਬਣਾਇਆ, ਜੀਅ ਕਰੇ ਵੇਖਦਾ ਰਹਾਂ...

03/18/2018 8:37:21 AM

ਗਿੱਦੜਬਾਹਾ (ਸੰਧਿਆ) - ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਣ ਵਾਲੀ 'ਮੁਕਤਸਰ ਮੈਰਾਥਨ-2018' ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਹੋਣ ਤੋਂ ਬਾਅਦ ਇਹ ਮੈਰਾਥਨ (ਅੱਜ) 18 ਮਾਰਚ ਨੂੰ ਮਾਰਕੀਟ ਕਮੇਟੀ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਰਹੀ ਹੈ, ਜਿਸ ਨੂੰ ਉੱਡਣਾ ਸਿੱਖ ਮਿਲਖਾ ਸਿੰਘ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਸੜਕਾਂ ਸਨ ਟੁੱਟੀਆਂ ; ਹੁਣ ਬੱਲੇ-ਬੱਲੇ
ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਵੱਡੇ-ਵੱਡੇ ਟੋਇਆਂ ਨਾਲ ਖਰਾਬ ਹੋਈਆਂ ਪਈਆਂ ਸਨ। ਹਰ ਰੋਜ਼ ਸੜਕਾਂ 'ਤੇ ਵਾਹਨ ਚਾਲਕ ਡਿੱਗ ਕੇ ਸੱਟਾਂ ਲਵਾ ਰਹੇ ਸਨ। ਵਾਹਨ ਵੀ ਨੁਕਸਾਨੇ ਜਾ ਰਹੇ ਸਨ ਪਰ ਹੁਣ ਪੀ. ਡਬਲਯੂ. ਡੀ. ਮਹਿਕਮੇ ਵੱਲੋਂ ਸਾਰੀਆਂ ਸੜਕਾਂ 'ਤੇ ਪੈਚ ਵਰਕ ਲਾ ਕੇ ਟੋਏ ਭਰੇ ਹੀ ਨਹੀਂ ਜਾ ਰਹੇ, ਉਸ ਉੱਪਰ ਰੋਡ ਰੋਲਰ ਚਲਾ ਕੇ ਪੱਧਰਾ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਸੱਟ ਨਾ ਲੱਗੇ।
ਸੜਕਾਂ ਵਿਚਕਾਰ ਅਤੇ ਸਾਈਡਾਂ 'ਤੇ ਲਾਈ ਚਿੱਟੀ ਪੱਟੀ
ਮਹਿਕਮੇ ਵੱਲੋਂ ਕਿਸੇ ਵੀ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਸੜਕ 'ਤੇ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ, ਇਸ ਵਾਸਤੇ ਸੜਕ ਵਿਚਕਾਰ ਚਿੱਟੀ ਪੱਟੀ ਦੀ ਵਰਤੋਂ ਹੀ ਨਹੀਂ ਕੀਤੀ ਗਈ, ਸਗੋਂ ਸੜਕ ਦੀਆਂ ਦੋਵਾਂ ਸਾਈਡਾਂ 'ਤੇ ਵੀ ਚਿੱਟੀਆਂ ਲਾਈਨਾਂ ਲਾਈਆਂ ਗਈਆਂ, ਜੋ ਕਿ ਰਾਤ ਦੇ ਹਨੇਰੇ ਵਿਚ ਵੀ ਚਮਕਦੀਆਂ ਹਨ। ਇਨ੍ਹਾਂ ਚਿੱਟੀਆਂ ਲਾਈਨਾਂ ਕਰ ਕੇ ਹੁਣ ਹਾਦਸੇ ਵੀ ਘੱਟ ਵਾਪਰਨਗੇ।
25 ਸਾਲਾਂ 'ਚ ਪਹਿਲੀ ਵਾਰ ਹੋਈ ਸਾਰੇ ਪਾਸੇ ਸਫ਼ਾਈ
ਕਰੀਬ 25 ਸਾਲਾਂ ਬਾਅਦ ਨਗਰ ਕੌਂਸਲ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਗਨਰੇਗਾ ਮਜ਼ਦੂਰਾਂ, ਸਫਾਈ ਮੁਲਾਜ਼ਮਾਂ, ਮਜ਼ਦੂਰਾਂ ਆਦਿ ਨੂੰ ਸਫਾਈ 'ਤੇ ਲਾ ਕੇ ਸੜਕਾਂ, ਉਨ੍ਹਾਂ ਦੇ ਕਿਨਾਰਿਆਂ, 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਦੀ ਦੌੜ ਵਾਲੇ ਖੇਤਰਾਂ ਦੀ ਮੁਕੰਮਲ ਸਫਾਈ ਕਰਵਾ ਕੇ ਗਿੱਦੜਬਾਹਾ, ਹੁਸਨਰ, ਮਧੀਰ, ਭਾਰੂ ਆਦਿ ਨੂੰ ਚਮਕਾ ਦਿੱਤਾ ਗਿਆ ਹੈ।
ਸ਼ਹਿਰ ਵਾਸੀ ਖੁਸ਼
ਗਿੱਦੜਬਾਹਾ ਦਾ ਨਾਂ ਪਹਿਲਾਂ ਵੀ ਕਈ ਹਸਤੀਆਂ ਦੇ ਨਾਵਾਂ ਤੋਂ ਜਾਣਿਆ ਜਾਂਦਾ ਹੈ ਅਤੇ ਸੰਸਾਰ ਭਰ 'ਚ ਮਸ਼ਹੂਰ ਹੈ ਪਰ ਸ਼ਹਿਰ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿ ਹੁਣ 'ਮੁਕਤਸਰ ਮੈਰਾਥਨ-2018' ਹੋਣ ਨਾਲ ਗਿੱਦੜਬਾਹਾ ਦੀ ਬੁਕਤ ਵੱਧ ਗਈ। ਸ਼ਹਿਰ ਵਾਸੀਆਂ 'ਚ ਮੈਰਾਥਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਾਥਨ ਲਈ ਪੂਰੇ ਸ਼ਹਿਰ 'ਚ ਪੁਲਸ ਮੁਲਾਜ਼ਮਾਂ ਦੀਆਂ ਟੀਮਾਂ ਥਾਂ-ਥਾਂ 'ਤੇ ਸੁਰੱਖਿਆ ਦੇ ਮੱਦੇਨਜ਼ਰ ਲਾਈਆਂ ਗਈਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।