SGPC ਤੇ ਪੰਜਾਬ ਸਰਕਾਰ ਵੱਲੋਂ ਗੁ. ਸ੍ਰੀ ਬੇਰ ਸਾਹਿਬ ਵਿਖੇ ਜੰਗੀ ਪੱਧਰ 'ਤੇ ਤਿਆਰੀਆਂ ਜਾਰੀ

07/26/2019 2:47:12 PM

ਅੰਮ੍ਰਿਤਸਰ/ਸੁਲਤਾਨਪੁਰ ਲੋਧੀ (ਦੀਪਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਪ੍ਰਬੰਧਾਂ 'ਚ ਕੋਈ ਕਸਰ ਨਹੀਂ ਛੱਡ ਰਹੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਾਰੇ ਧਾਰਮਿਕ ਸਮਾਗਮਾਂ ਦੇ ਪ੍ਰਬੰਧ ਅਤੇ ਜ਼ਿੰਮੇਵਾਰੀ ਅਤੇ ਵਿਸ਼ੇਸ਼ ਅਰਦਾਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤਕਰੀਬਨ 60 ਤੋਂ ਵੱਧ ਵੱਡੇ ਪੱਧਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ। 4 ਵੱਡੇ ਸਵਾਗਤੀ ਗੇਟ ਬਣਾਏ ਗਏ ਹਨ। ਇਨ੍ਹਾਂ 'ਚੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਸਵਾਗਤੀ ਗੇਟ, ਬੇਬੇ ਨਾਨਕੀ ਸਵਾਗਤੀ ਗੇਟ, ਭਾਈ ਮਰਦਾਨਾ ਸਵਾਗਤੀ ਗੇਟ ਅਤੇ ਮਾਤਾ ਸੁਲੱਖਣੀ ਸਵਾਗਤੀ ਗੇਟ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 'ਏਕ ਓਂਕਾਰ' ਮੂਲ ਮੰਤਰ ਦੀਆਂ 3 ਮੰਜ਼ਿਲਾਂ ਤਿਆਰ ਹੋ ਚੁੱਕੀਆਂ ਹਨ, ਚੌਥੀ ਦੀ ਤਿਆਰੀ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਨਵੇਂ ਚਾਂਦੀ ਦੇ ਦਰਵਾਜ਼ਿਆਂ ਦੀ ਸੇਵਾ ਸ਼ੁਰੂ ਹੈ, ਜੋ ਅਕਤੂਬਰ ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ। ਬੇਬੇ ਨਾਨਕੀ ਨਿਵਾਸ 'ਚ 200 ਕਮਰਿਆਂ ਦੀ ਸਰ੍ਹਾਂ ਬਣਾਈ ਗਈ ਹੈ। ਇਸ ਤੋਂ ਇਲਾਵਾ ਇਕ ਵੱਡੀ ਸਰਾਂ ਹੋਰ ਬਣਾਈ ਜਾ ਰਹੀ ਹੈ, ਜਿਸ ਵਿਚ ਸੰਗਤਾਂ ਨੂੰ ਹਰ ਪ੍ਰਕਾਰ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁੱਖ ਸਮਾਗਮ ਦੀ ਧਾਰਮਿਕ ਸਟੇਜ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੂਰੇ ਵਿਧੀ-ਵਿਧਾਨ ਮੁਤਾਬਕ ਚਲਾਈ ਜਾਵੇਗੀ। ਮੁੱਖ ਸਮਾਗਮ 'ਚ 25 ਹਜ਼ਾਰ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਵੱਡਾ ਨਵਾਂ ਲੰਗਰ ਹਾਲ ਵੀ ਬਣਾਇਆ ਜਾਵੇਗਾ।

ਭਾਈ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ 1 ਅਗਸਤ ਨੂੰ ਜਨਮ ਅਸਥਾਨ ਗੁ. ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਅਰਦਾਸ ਉਪਰੰਤ ਜਿਹੜਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਨੂੰ ਲੈ ਕੇ ਵਾਹਗਾ ਸਰਹੱਦ ਲਈ ਰਵਾਨਾ ਹੋਵੇਗਾ, ਉਹ ਭਾਰਤ ਦੇ 67 ਪ੍ਰਮੁੱਖ ਸ਼ਹਿਰਾਂ 'ਚੋਂ ਹੁੰਦਾ ਹੋਇਆ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗਾ। ਇਹ ਪਵਿੱਤਰ ਬੀੜ ਸਾਹਿਬ ਸੁਲਤਾਨਪੁਰ ਲੋਧੀ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਵੇਗੀ ਤਾਂ ਕਿ ਪਹਿਲੀ ਪਾਤਸ਼ਾਹੀ ਦੇ ਜਨਮ ਅਸਥਾਨ ਦੀ ਮਹੱਤਤਾ ਪੂਰੀ ਤਰ੍ਹਾਂ ਕਾਇਮ ਰਹੇ।

ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ 1770 ਐੱਲ. ਈ. ਡੀ. ਪੁਆਇੰਟ ਪੱਕੇ ਤੌਰ 'ਤੇ ਲਾ ਕੇ ਸੁਲਤਾਨਪੁਰ ਲੋਧੀ ਨੂੰ ਰੌਸ਼ਨ ਕੀਤਾ ਜਾਵੇਗਾ। ਸ਼ਹਿਰ ਦੀਆਂ ਚਾਰੇ ਦੀਵਾਰਾਂ ਤੇ ਮਲਟੀਕਲਰ ਪੇਂਟਿੰਗਸ ਬਣਾਈਆਂ ਜਾਣਗੀਆਂ, ਜੋ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਸੰਦੇਸ਼ ਦੇ ਸਕਣਗੀਆਂ। ਵਿਦੇਸ਼ਾਂ ਤੋਂ ਕਈ ਤਰ੍ਹਾਂ ਦੇ ਰੁੱਖ ਤੇ ਪੌਦੇ ਮੰਗਵਾਏ ਗਏ ਹਨ, ਜੋ ਸੰਗਤਾਂ ਲਈ ਇਕ ਅਲੌਕਿਕ ਨਜ਼ਾਰਾ ਪੇਸ਼ ਕਰਨਗੇ। ਪੰਜਾਬ ਸਰਕਾਰ ਦੇ ਸਾਰਿਆਂ ਮਹਿਕਮਿਆਂ ਦੇ ਅਧਿਕਾਰੀਆਂ ਦੀ ਡਿਊਟੀ ਸੁਲਤਾਨਪੁਰ ਲੋਧੀ ਵਿਖੇ ਲਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿੰਡ ਬੇਬੇ ਨਾਨਕੀ ਵਿਖੇ ਉਸਾਰੇ ਜਾ ਰਹੇ 400 ਏਕੜ ਵਿਚ ਟੈਂਟ ਸਿਟੀ ਅਤੇ ਬਾਕੀ ਜ਼ਮੀਨ ਪਾਰਕਿੰਗ ਅਤੇ ਲੰਗਰਾਂ ਲਈ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਲ 880 ਏਕੜ ਜ਼ਮੀਨ ਰਾਖਵੀਂ ਕੀਤੀ ਗਈ ਹੈ। ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ 2 ਸੀਟਰ ਬਾਥਰੂਮ ਦੇ ਨਾਲ ਵਧੀਆ ਕਮਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
 

Anuradha

This news is Content Editor Anuradha