ਮੋਟਰਸਾਈਕਲ ਦੇ ਪਟਾਕੇ ਵਜਾਉਣ 'ਤੇ ਨੌਜਵਾਨ ਦਾ ਕਤਲ

07/11/2019 7:17:04 PM

ਖਨੌਰੀ,-ਵਾਰਡ ਨੰਬਰ 1 ਅਤੇ 2 ਪੁਰਾਣੇ ਖਨੌਰੀ ਪਿੰਡ ਵਿਚ ਨੌਜੁਆਨਾਂ ਦੀ ਆਪਸੀ ਰੰਜਿਸ਼ ਅਤੇ ਮੋਟਰਸਾਈਕਲ ਦੇ ਪਟਾਕੇ ਵਜਾਉਣ ਕਾਰਣ ਹੋਈ ਲਡ਼ਾਈ ਵਿਚ 20 ਸਾਲਾਂ ਤੇ ਨੌਜਵਾਨ ਦਾ ਛੁਰਾ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਥਾਣਾ ਖਨੌਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਹਾਕਮ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ ਜਿੰਨਾਂ ’ਚੋਂ ਵੱਡਾ ਲਡ਼ਕਾ ਗੁਰਤੇਜ ਸਿੰਘ ਜਿਸ ਦੀ ਉਮਰ ਕਰੀਬ 20 ਸਾਲ ਅਤੇ ਛੋਟੀ ਲਡ਼ਕੀ ਆਸ਼ੂ ਹੈ।? ਉਸ ਦਾ ਲਡ਼ਕਾ ਗੁਰਤੇਜ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਨੌਰੀ ਵਿਖੇ ਬਾਰ੍ਹਵੀਂ ਕਲਾਸ ਵਿਚ ਪਡ਼ਦਾ ਸੀ ਅਤੇ ਉਸ ਦੇ ਲਡ਼ਕੇ ਗੁਰਤੇਜ ਸਿੰਘ ਦੀ ਦੋਸਤੀ ਤਰਸੇਮ ਸਿੰਘ ਪੁੱਤਰ ਰੱਤੀ ਰਾਮ ਵਾਸੀ ਖਨੌਰੀ ਨਾਲ ਸੀ ਜੋ ਤਕਰੀਬਨ ਇਕੱਠੇ ਹੀ ਰਹਿੰਦੇ ਸਨ ਅਤੇ ਕੱਲ ਰਾਤ ਜਦੋਂ ਉਨ੍ਹਾਂ ਦਾ ਲਡ਼ਕਾ ਗੁਰਤੇਜ ਸਿੰਘ ਘਰ ਨਹੀਂ ਆਇਆ ਤਾਂ ਉਹ ਆਪਣੇ ਲਡ਼ਕੇ ਦੇ ਦੋਸਤ ਤਰਸੇਮ ਸਿੰਘ ਦੇ ਘਰੋ ਗੁਰਤੇਜ ਸਿੰਘ ਨੂੰ ਬੁਲਾਉਣ ਲਈ ਜਾ ਰਿਹਾ ਸੀ ਤਾਂ 10:30 ਵਜੇ ਤਰਸੇਮ ਸਿੰਘ ਦੇ ਘਰ ਦੇ ਨੇਡ਼ੇ ਪੁੱਜਾ ਤਾਂ ਉਸ ਦੇ ਲਡ਼ਕੇ ਗੁਰਤੇਜ ਸਿੰਘ ਅਤੇ ਉਸ ਦੇ ਦੋਸਤ ਤਰਸੇਮ ਸਿੰਘ ਅਤੇ ਸਮਸ਼ੇਰ ਸਿੰਘ ਉਰਫ਼ ਸ਼ੇਰੂ ਪੁੱਤਰ ਬਲਵੀਰ ਸਿੰਘ ਵਾਸੀਆਨ ਖਨੌਰੀ ਨੂੰ ਲੱਖੂ ਸਿੰਘ ਪੁੱਤਰ ਬਲਕਾਰ ਸਿੰਘ , ਸੁਖਚੈਨ ਸਿੰਘ ਉਰਫ਼ ਚੈਨੀ ਪੁੱਤਰ ਕਿਸ਼ਨ ਸਿੰਘ , ਰਵੀ ਪੁੱਤਰ ਰਾਮਫਲ , ਸੰਦੀਪ ਉਰਫ਼ ਲਹੋਰਾ ਪੁੱਤਰ ਗੁਰਨਾਮ ਸਿੰਘ, ਦੀਪੂ ਪੁੱਤਰ ਰੁਲਦੂ, ਲਾਡੀ ਭਾਣਜਾ ਬਲਕਾਰ ਸਿੰਘ, ਮਿੱਠਾ ਪੁੱਤਰ ਸੁੱਖੂ, ਡੀ.ਸੀ. ਪੁੱਤਰ ਭੋਲਾ ਰਾਮ, ਪਕੌਡ਼ੀ ਪੁੱਤਰ ਬਲਕਾਰ ਸਿੰਘ ਵਾਸੀਆਨ ਖਨੌਰੀ ਨੇ ਘੇਰਿਆ ਹੋਇਆ ਸੀ ਅਤੇ ਕੁੱਟਮਾਰ ਕਰ ਰਹੇ ਸਨ ਅਤੇ ਉੱਚੀ-ਉੱਚੀ ਕਹਿ ਰਹੇ ਸੀ ਕਿ ਤੁਹਾਨੂੰ ਅੱਜ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਦਾ ਮਜ਼ਾ ਚਖਾਉਂਦੇ ਹਾਂ ਅਤੇ ਉਸ ਦੇ ਦੇਖਦੇ-ਦੇਖਦੇ ਹੀ ਰਵੀ ਪੁੱਤਰ ਰਾਮਫਲ ਵਾਸੀ ਖਨੌਰੀ ਜਿਸ ਦੇ ਹੱਥ ਵਿਚ ਇੱਕ ਤਿੱਖੀ ਕਿਰਚ ਫਡ਼ੀ ਹੋਈ ਸੀ ਜਿਸ ਨੇ ਕਿਰਚ ਜ਼ੋਰ ਨਾਲ ਉਸ ਦੇ ਲਡ਼ਕੇ ਗੁਰਤੇਜ ਸਿੰਘ ਦੇ ਗਰਦਨ ਦੇ ਨਾਲ ਖੱਬੇ ਪਾਸੇ ਮਾਰੀ ਤਾਂ ਉਸ ਨੇ ਅਤੇ ਤਰਸੇਮ ਸਿੰਘ ਅਤੇ ਸਮਸ਼ੇਰ ਸਿੰਘ ਨੇ ਨਾ ਮਾਰੋ ਨਾ ਮਾਰੋ ਦਾ ਰੋਲਾ ਪਾਇਆ ਤਾਂ ਸਾਰੇ ਦੋਸ਼ੀ ਲਲਕਾਰੇ ਮਾਰਦੇ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਹਥਿਆਰਾਂ ਸਮੇਤ ਦੇ ਭੱਜ ਗਏ ।

ਉਕਤ ਨੌਜਵਾਨਾਂ ਨੇ ਸਲਾਹ ਮਸ਼ਵਰਾ ਕਰਕੇ ਉਸ ਦੇ ਲਡ਼ਕੇ ਗੁਰਤੇਜ ਸਿੰਘ ਅਤੇ ਉਸ ਦੇ ਦੋਸਤ ਤਰਸੇਮ ਸਿੰਘ ਅਤੇ ਸਮਸ਼ੇਰ ਸਿੰਘ ਦੀ ਕੁੱਟਮਾਰ ਕੀਤੀ ਹੈ। ਜਿਸ ਦੌਰਾਨ ਉਸ ਦਾ ਲਡ਼ਕਾ ਗੁਰਤੇਜ ਸਿੰਘ ਉਥੇ ਮੌਕੇ’ਤੇ ਹੀ ਡਿਗ ਪਿਆ । ਜਿਸ ਦੀ ਗਰਦਨ ਵਿਚੋਂ ਕਿਰਚ ਲੱਗਣ ਕਾਰਣ ਕਾਫ਼ੀ ਖ਼ੂਨ ਨਿਕਲਣ ਲੱਗ ਪਿਆ ਅਤੇ ਗੁਰਤੇਜ ਸਿੰਘ ਬੇਹੋਸ਼ ਹੋ ਗਿਆ ਅਤੇ ਉਨ੍ਹਾਂ ਉਸ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਾਰਣ ਸਵਾਰੀ ਦਾ ਇੰਤਜ਼ਾਮ ਕਰਕੇ ਅਮਰ ਹਸਪਤਾਲ ਪਟਿਆਲਾ ਲਿਜਾ ਕੇ ਦਾਖਲ ਕਰਵਾ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੇ ਲਡ਼ਕੇ ਗੁਰਤੇਜ ਸਿੰਘ ਦੀ ਮੌਤ ਹੋ ਗਈ। ਐੱਸ.ਐੱਚ.ਓ. ਖਨੌਰੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਖਨੌਰੀ ਵਿਚ 9 ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

Arun chopra

This news is Content Editor Arun chopra