ਬਿਨਾਂ ਸਾਈਲੈਂਸਰਾਂ ਤੋਂ ਪਟਾਕੇ ਮਾਰਦੇ ਮੋਟਰਸਾਈਕਲਾਂ ਦੀ ਭਾਰੀ ਦਹਿਸ਼ਤ

03/02/2018 8:35:09 AM

ਮਾਹਿਲਪੁਰ (ਜ.ਬ.)-ਮਾਹਿਲਪੁਰ ਸ਼ਹਿਰ ਅੰਦਰ ਆਵਾਰਾਗਰਦ ਨੌਜਵਾਨਾਂ ਵੱਲੋਂ ਬਿਨਾਂ ਸਾਈਲੈਂਸਰਾਂ ਅਤੇ ਦਗੜ-ਦਗੜ ਕਰਦੇ ਪਟਾਕੇ ਮਾਰਦੇ ਮੋਟਰਸਾਈਕਲਾਂ ਦੀ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਮਾਹਿਲਪੁਰ ਪੁਲਸ ਪ੍ਰਸ਼ਾਸਨ ਕੋਮਾ ਵਿਚ ਗਿਆ ਲੱਗ ਰਿਹਾ ਹੈ। ਮਾਹਿਲਪੁਰ ਪੁਲਸ ਅਨੁਸਾਰ 1 ਤੋਂ ਲੈ ਕੇ 28 ਫਰਵਰੀ ਤੱਕ ਪਟਾਕੇ ਵਜਾਉਣ ਵਾਲਿਆਂ ਦੇ ਸਿਰਫ਼ 3 ਚਲਾਨ ਕੱਟ ਕੇ ਖਾਨਾਪੂਰਤੀ ਕਰ ਲਈ ਹੈ।
ਮਾਹਿਲਪੁਰ ਸ਼ਹਿਰ ਅੰਦਰ ਦੇਖਿਆ ਜਾਵੇ ਤਾਂ ਇਹ ਮਨਚਲੇ ਨੌਜਵਾਨ ਆਪਣੇ ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰ ਕੇ ਜਾਂ ਉਨ੍ਹਾਂ ਦੀ ਜਾਲੀ ਕਢਵਾ ਕੇ ਕਿਸੇ ਭੀੜ ਵਾਲੀ ਥਾਂ 'ਤੇ ਜਾ ਕੇ ਇੰਨੀ ਜ਼ੋਰ ਨਾਲ ਪਟਾਕੇ ਮਾਰਦੇ ਹਨ ਕਿ ਲੱਗਦਾ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਮੋਟਰਸਾਈਕਲਾਂ ਦੀ ਆਵਾਜ਼ ਇੰਨੀ  ਭਿਆਨਕ ਹੁੰਦੀ ਹੈ ਕਿ ਬਜ਼ੁਰਗ, ਮਰੀਜ਼ ਤਾਂ ਕੀ ਆਮ ਵਿਅਕਤੀ ਵੀ ਘਬਰਾ ਜਾਂਦਾ ਹੈ ਪਰ ਇਹ ਆਵਾਜ਼ ਸ਼ਹਿਰ ਦੇ ਲੋਕਾਂ ਦੀ ਰਾਖੀ ਕਰ ਰਹੇ ਪੁਲਸ ਵਿਭਾਗ ਦੇ ਕੰਨਾਂ ਤੱਕ ਕਿਉਂ ਨਹੀਂ ਪਹੁੰਚਦੀ ਇਹ ਗੱਲ ਅਜੇ ਤੱਕ ਬੁਝਾਰਤ ਬਣੀ ਹੋਈ ਹੈ।
ਜੇਕਰ ਕੋਈ ਪੁਲਸ ਵਾਲਾ ਭੁਲੇਖੇ ਨਾਲ ਇਨ੍ਹਾਂ ਵਿਗੜੈਲਾਂ ਨੂੰ ਰੋਕਣ ਦੀ ਗਲਤੀ ਕਰਦਾ ਹੈ ਤਾਂ ਇਹ ਇਕਦਮ ਆਪਣੇ ਮੋਬਾਇਲ ਫੋਨ 'ਤੇ ਗੱਲ ਕਰਨ ਲਈ ਦਬਾਅ ਪਾਉਂਦੇ ਹਨ ਤਾਂ ਅੱਗੋਂ ਕਿਸੇ ਅਮੀਰ ਬਾਪ ਜਾਂ ਕਿਸੇ ਉੱਚ ਸਿਆਸੀ ਪਹੁੰਚ ਰੱਖਣ ਵਾਲੇ ਨਾਲ ਗੱਲ ਕਰਨ ਤੋਂ ਬਾਅਦ ਪੁਲਸ ਮੁਲਾਜ਼ਮ ਸ਼ਾਂਤ ਹੋਣ ਲਈ ਮਜਬੂਰ ਹੋ ਜਾਂਦੇ ਹਨ। ਇਹ ਨੌਜਵਾਨ ਮੋਟਰਸਾਈਕਲਾਂ ਦੇ ਪਟਾਕੇ ਵਜਾਉਣਾ ਆਪਣਾ ਹੱਕ ਸਮਝਦੇ ਹਨ। ਇਸੇ ਕਾਰਨ ਹੀ ਇਨ੍ਹਾਂ ਵਿਗੜੈਲ ਨੌਜਵਾਨਾਂ ਦੇ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਦੇ ਹੌਸਲੇ ਵਧੇ ਹੋਏ ਹਨ। ਸ਼ਹਿਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਮਨਚਲੇ ਅਨਸਰਾਂ ਵਿਰੁੱਧ ਤੁਰੰਤ ਸਖ਼ਤ ਕਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਇਨ੍ਹਾਂ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇ।
ਕੀ ਕਹਿਣਾ ਹੈ ਪੁਲਸ ਦਾ?
ਇਸ ਸਬੰਧ ਵਿਚ ਥਾਣਾ ਮੁਖੀ ਬਲਜੀਤ ਸਿੰਘ ਹੁੰਦਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਮੁੱਖ ਮੁਣਸ਼ੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ  ਫ਼ਰਵਰੀ ਮਹੀਨੇ 'ਚ ਪਟਾਕੇ ਵਜਾਉਣ ਵਾਲੇ 3 ਮੋਟਰਸਾਈਕਲਾਂ ਦੇ ਚਲਾਨ ਕੱਟੇ ਹਨ ਅਤੇ ਉਨ੍ਹਾਂ ਨੂੰ ਅੱਗੇ ਤੋਂ ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰਨ ਦੀ ਹਦਾਇਤ ਵੀ ਕੀਤੀ ਹੈ।