ਮੋਟਰਸਾਈਕਲ ਸਲਿੱਪ ਹੋਣ ਨਾਲ ਇਕ ਦੀ ਮੌਤ, ਦੂਜਾ ਜ਼ਖਮੀ

05/13/2018 1:23:20 AM

ਬਟਾਲਾ/ਘੁਮਾਣ, (ਬੇਰੀ, ਸਰਬਜੀਤ)- ਮੋਟਰਸਾਈਕਲ ਸਲਿੱਪ ਹੋਣ ਨਾਲ ਇਕ ਦੀ ਮੌਤ ਤੇ ਦੂਜੇ ਦੇ ਜ਼ਖਮੀ ਹੋਣ ਦੀ ਖ਼ਬਰ ਹੈ।  ਜਾਣਕਾਰੀ ਅਨੁਸਾਰ ਤਜਿੰਦਰਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਵੀਲ੍ਹਾਂਬੱਜੂ ਆਪਣੇ ਦੋਸਤ ਬਿੱਲਾ ਪੁੱਤਰ ਗੁਰਨਾਮ ਸਿੰਘ ਨਾਲ ਮੋਟਰਸਾਈਕਲ 'ਤੇ ਗੈਸ ਏਜੰਸੀ ਦਕੋਹਾ ਵੱਲ ਜਾ ਰਿਹਾ ਸੀ, ਜਦੋਂ ਦਕੋਹਾ ਮੋੜ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਦੌਰਾਨ ਤਜਿੰਦਰਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਬਿੱਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਊਧਨਵਾਲ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਘੁਮਾਣ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕ ਤਜਿੰਦਰਪਾਲ ਸਿੰਘ ਦੀ ਲਾਸ਼ ਕਬਜ਼ੇ 'ਚ ਲਿਆ। 
ਉਧਰ ਜਦੋਂ ਐੱਸ. ਐੱਚ. ਓ. ਘੁਮਾਣ ਲਲਿਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਤਜਿੰਦਰਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਕਿਉਂਕਿ ਦਿਲ ਦਾ ਦੌਰਾ ਪੈਣ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਸੀ, ਜਿਸ ਨਾਲ ਮੋਟਰਸਾਈਕਲ ਹਵੇਲੀ ਦੇ ਗੇਟ ਨਾਲ ਜਾ ਟਕਰਾਇਆ ਤੇ ਤਜਿੰਦਰਪਾਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਪੁਲਸ ਕਾਰਵਾਈ ਜਾਰੀ ਹੈ।