ਲਿਫਟ ਲੈਣ ਦੇ ਬਹਾਨੇ ਮੋਟਰਸਾਈਕਲ ਸਵਾਰ ਦੀ ਕੁੱਟਮਾਰ

07/27/2017 6:42:41 AM

ਸੁਲਤਾਨਪੁਰ ਲੋਧੀ, (ਸੋਢੀ)- ਲਿਫਟ ਲੈਣ ਦੇ ਬਹਾਨੇ ਪਿੰਡ ਸਾਬੂਵਾਲ-ਕੋਲੀਆਂਵਾਲ ਮੋੜ 'ਤੇ 4 ਅਣਪਛਾਤੇ ਵਿਅਕਤੀਆਂ ਵੱਲੋਂ ਜੋਗਿੰਦਰ ਸਿੰਘ ਨਿਵਾਸੀ ਪਿੰਡ ਨੱਥੂਪੁਰ ਨੂੰ ਰੋਕ ਕੇ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਤੇ 20 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। 
ਜ਼ਖ਼ਮੀ ਜੋਗਿੰਦਰ ਸਿੰਘ ਜੋ ਨੱਥੂਪੁਰ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਜ਼ੇਰੇ ਇਲਾਜ ਹੈ, ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਮੁੰਡੀ ਮੋੜ ਪੈਟਰੋਲ ਪੰਪ ਤੋਂ ਮੋਟਰਸਾਈਕਲ 'ਚ ਪੈਟਰੋਲ ਪਵਾ ਕੇ ਵਾਇਆ ਦਰੀਏਵਾਲ-ਸਾਬੂਵਾਲ ਰਾਹੀਂ ਕਪੂਰਥਲਾ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਦਰੀਏਵਾਲ ਨੇੜੇ ਪੁੱਜਾ ਤਾਂ ਸੜਕ 'ਚ ਖੜ੍ਹੇ ਇਕ ਵਿਅਕਤੀ ਨੇ ਲਿਫਟ ਲੈਣ ਦੇ ਬਹਾਨੇ ਮੈਨੂੰ ਰੋਕਿਆ ਤੇ ਜਦੋਂ ਉਸ ਨੂੰ ਬਿਠਾ ਕੇ ਸਾਬੂਵਾਲ ਮੋੜ 'ਤੇ ਪੁੱਜਾ ਤਾਂ ਪਿਛਲੀ ਸੀਟ 'ਤੇ ਬੈਠੇ ਉਕਤ ਵਿਅਕਤੀ ਨੇ ਮੈਨੂੰ ਪਿੱਛੋਂ ਜੱਫਾ ਮਾਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਸ ਮੌਕੇ ਤਿੰਨ ਹੋਰ ਵਿਅਕਤੀ ਵੀ ਸੋਟੇ ਲੈ ਕੇ ਆ ਗਏ, ਜਿਨ੍ਹਾਂ ਮੈਨੂੰ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਮੇਰਾ ਬਟੂਆ ਡਿੱਗ ਪਿਆ, ਜਿਸ 'ਚ 20 ਹਜ਼ਾਰ ਰੁਪਏ ਸਨ, ਜੋ ਮੈਂ ਕਿਸੇ ਦੇ ਦੇਣ ਜਾ ਰਿਹਾ ਸੀ। ਉਹ ਮੇਰਾ ਬਟੂਆ ਚੁੱਕ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੂਲੋਵਾਲ-ਦਬੂਲੀਆਂ ਵੱਲ ਭੱਜ ਗਏ। ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।