ਗੁਜੱਰਾਂ ਦੇ ਪਸ਼ੂਆਂ ਕਾਰਨ ਗੰਭੀਰ ਜ਼ਖਮੀ ਹੋਇਆ ਮੋਟਰਸਾਈਕਲ ਸਵਾਰ

08/19/2017 9:31:57 PM

ਝਬਾਲ (ਹਰਬੰਸ ਲਾਲੂਘੁੰਮਣ)- ਅੱਡਾ ਝਬਾਲ ਦੇ ਬਜ਼ਾਰਾਂ 'ਚੋਂ ਰੋਜ਼ਾਨਾਂ ਪਸ਼ੂਆਂ ਦੇ ਝੁੰਡ ਲੈ ਕੇ ਲੰਘਦੇ ਕਸਬੇ ਅੰਦਰ ਵੱਡੇ ਪੱਧਰ 'ਤੇ ਤੰਬੂ ਲਾ ਕੇ ਬੈਠੇ ਗੁਜੱਰਾਂ ਦੇ ਪਸ਼ੂਆਂ ਦੇ ਝੁੰਡ ਨੇ ਸ਼ਨੀਵਾਰ ਨੂੰ ਇਕ ਮੋਟਰਸਾਇਕਲ ਸਵਾਰ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਨੌਜਵਾਨ ਦੇ ਮਾਪਿਆਂ ਵੱਲੋਂ ਇਸ ਸਬੰਧੀ ਗੁਜੱਰਾਂ ਦੇ ਵਿਰੁੱਧ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਕੋਟ ਸਿਵਿਆਂ ਵਾਸੀ ਮੈਂਬਰ ਪੰਚਾਇਤ ਸ਼ੁਬੇਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਜਦੋਂ ਉਸ ਦਾ ਲੜਕਾ ਸੋਨੂੰ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਅੱਡਾ ਝਬਾਲ ਨੂੰ ਆ ਰਿਹਾ ਸੀ ਤਾਂ ਪਿੰਡ ਸਵਰਗਾਪੁਰੀ ਨਜਦੀਕ ਸੜਕ 'ਤੇ ਅਗੇ ਜਾ ਰਹੇ ਗੁਜੱਰਾਂ ਦੇ ਪਸ਼ੂਆਂ ਦੇ ਝੁੰਡ ਦੇ ਭੜਕ ਜਾਣ ਕਾਰਨ ਉਸਦਾ ਲੜਕਾ ਪਸ਼ੂਆਂ ਦੀ ਲਪੇਟ 'ਚ ਆ ਗਿਆ, ਜਿਸ ਦੌਰਾਂਨ ਉਸਦਾ ਮੋਟਰਸਾਇਕਲ ਹਾਦਸਾ ਗ੍ਰਸਤ ਹੋ ਕੇ ਸੜਕ ਕਿਨਾਰੇ ਡੂੰਘੇ ਖੱਤਿਆਂ 'ਚ ਜਾ ਡਿੱਗਾ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਲੜਕੇ ਦੇ ਸਿਰ 'ਚ ਗਹਿਰੀਆਂ ਸੱਟਾਂ ਲੱਗਣ ਤੋਂ ਇਲਾਵਾ ਪੱਸ਼ਲੀਆਂ ਟੁੱਟ ਗਈਆਂ ਹਨ, ਜਿਸ ਨੂੰ ਇਲਾਜ ਲਈ ਸਥਾਨਿਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਜਿੰਮੇਵਾਰ ਗੁਜੱਰਾਂ ਵਿਰੁੱਧ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਯੂਦ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਥਾਣਾ ਝਬਾਲ ਦੇ ਮੁਖੀ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਗੁਜਰਾਂ ਦੀ ਸਨਾਖਤ ਕੀਤੀ ਜਾ ਰਹੀ ਹੈ, ਜਿੰਮੇਵਾਰ ਗੁਜੱਰਾਂ ਵਿਰੁੱਧ ਬਹੁਤ ਜਲਦ ਕਾਰਵਾਈ ਕੀਤੀ ਜਾਵੇਗੀ।