ਛੋਟੇ ਹਾਥੀ ਅਤੇ ਦੋ ਮੋਟਰਸਾਇਕਲਾਂ ਵਿਚਕਾਰ ਟੱਕਰ, ਇਕ ਦੀ ਮੌਤ

03/24/2021 3:32:38 PM

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪਮੰਡਲ ਦੇ ਸਰਹੱਦੀ ਪਿੰਡ ਕਰਨੀਖੇੜਾ ਦੇ ਨੇੜੇ ਬੀਤੀ ਰਾਤ ਛੋਟੇ ਹਾਥੀ (ਟੈਂਪੂ) ਅਤੇ ਦੋ ਮੋਟਰਸਾਇਕਲਾਂ ਵਿਚਕਾਰ ਹੋਈ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਹਾਦਸੇ ’ਚ ਇਕ ਨੌਜਵਾਨ ਅਤੇ ਇਕ ਜਨਾਨੀ ਵੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ’ਚ ਮ੍ਰਿਤਕ ਸੁਖਵਿੰਦਰ ਸਿੰਘ (21) ਵਾਸੀ ਪਿੰਡ ਚਾਨਨ ਵਾਲਾ ਦੇ ਵੱਡੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਲਗਭਗ 8 ਵਜੇ ਉਹ ਫਾਜ਼ਿਲਕਾ ਸ਼ਹਿਰ ’ਚ ਕੰਮ ਕਰਕੇ ਆਪਣੇ ਮੋਟਰਸਾਇਕਲ ’ਤੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਰਸਤੇ ’ਚ ਪਿੰਡ ਕਰਨੀਖੇੜਾ ਦੇ ਅੱਡੇ ਨੇੜੇ ਉਸ ਦੀ ਛੋਟੇ ਹਾਥੀ ਨਾਲ ਟੱਕਰ ਹੋ ਗਈ ਅਤੇ ਉਸ ਦੇ ਸਿਰ ’ਤੇ ਸੱਟਾਂ ਲੱਗੀਆਂ। ਜਿਸ ’ਤੇ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਕਰਵਾਇਆ ਗਿਆ। ਇਸ ਮਾਮਲੇ ’ਚ ਥਾਣਾ ਸਦਰ ਪੁਲਸ ਕਾਰਵਾਈ ਕਰ ਰਹੀ ਹੈ।

ਉੱਧਰ ਇਸੇ ਹਾਦਸੇ ’ਚ ਇਕ ਹੋਰ ਜ਼ਖ਼ਮੀ ਪਰਮਜੀਤ ਸਿੰਘ (24) ਵਾਸੀ ਪਿੰਡ ਕਰਨੀਖੇੜਾ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਸਥਾਨਕ ਇਕ ਨਿਜੀ ਹਸਪਤਾਲ ’ਚ ਭਰਤੀ ਹੈ ਅਤੇ ਬੀਤੇ ਦਿਨ ਉਹ ਆਪਣੀ ਮਾਤਾ ਕੋਸ਼ਲਿਆ ਬਾਈ (46) ਦੇ ਨਾਲ ਆਪਣੇ ਰਿਸ਼ਤੇਦਾਰ ਨੂੰ ਖਾਣਾ ਦੇਣ ਲਈ ਆਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਅਤੇ ਉਸ ਦੀ ਮਾਤਾ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਦੇ ਅੱਡੇ ’ਤੇ ਛੋਟੇ ਹਾਥੀ ਅਤੇ ਮੋਟਰ ਸਾਇਕਲ ਦੇ ਵਿਚਕਾਰ ਟੱਕਰ ਹੋ ਗਈ। ਇਸ ਟੱਕਰ ’ਚ ਉਕਤ ਮੋਟਰਸਾਇਕਲ ਚਾਲਕ ਘਟਨਾ ਵਾਲੀ ਥਾਂ ’ਤੇ ਡਿੱਗ ਗਿਆ ਅਤੇ ਉਸ ਦਾ ਮੋਟਰਸਾਈਕਲ ਉਨ੍ਹਾਂ ਦੇ ਮੋਟਰ ਸਾਈਕਲ ’ਚ ਆ ਵਜਿਆ। ਜਿਸ ਕਾਰਨ ਉਹ ਦੋਵੇਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ। ਟੱਕਰ ’ਚ ਉਸ ਦੀ ਮਾਤਾ ਦੇ ਸਿਰ ’ਤੇ ਅਤੇ ਉਸ ਦੀ ਲੱਤ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਮਾਤਾ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅਗਲੇ ਇਲਾਜ ਲਈ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ।


Gurminder Singh

Content Editor

Related News