ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਕਾਬੂ

08/01/2017 6:58:00 AM

ਭੁਲੱਥ, (ਰਜਿੰਦਰ)- ਥਾਣਾ ਭੁਲੱਥ ਦੀ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਤੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਥਾਣਾ ਭੁਲੱਥ ਦੀ ਪੁਲਸ ਨੇ ਭੁਲੱਥ ਤੋਂ ਭੋਗਪੁਰ ਰੋਡ 'ਤੇ ਪੈਂਦੇ ਪਿੰਡ ਬਜਾਜ ਵਿਖੇ ਚੌਕ ਵਿਚ ਨਾਕਾ ਲਗਾਇਆ ਹੋਇਆ ਸੀ ਕਿ ਪਿੰਡ ਬੋਪਾਰਾਏ ਵਲੋਂ 2 ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ। ਜਿਹੜੇ ਪੁਲਸ ਪਾਰਟੀ ਨੂੰ ਦੇਖ ਕੇ ਘਬਰਾਉਂਦੇ ਹੋਏ ਪਿਛੇ ਨੂੰ ਮੁੜਨ ਲੱਗੇ ਤਾਂ ਪੁਲਸ ਪਾਰਟੀ ਨੇ ਮੁਸਤੈਦੀ ਨਾਲ ਦੋਵਾਂ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।
ਐੱਸ. ਐੱਚ. ਓ. ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਰਾਜਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਹਰਭਜਨ ਸਿੰਘ ਵਾਸੀ ਹਬੀਬਵਾਲ ਥਾਣਾ ਬੇਗੋਵਾਲ ਅਤੇ ਬਲਜਿੰਦਰ ਸਿੰਘ ਉਰਫ ਰਾਜੂ ਪੁੱਤਰ ਸੱਤਪਾਲ ਵਾਸੀ ਰਾਏਪੁਰ ਅਰਾਈਆਂ ਹੈ, ਜਿਨ੍ਹਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਮੰਨਿਆ ਕਿ ਇਹ ਮੋਟਰਸਾਈਕਲ ਅਸੀਂ ਕਪੂਰਥਲਾ ਤੋਂ ਚੋਰੀ ਕਰਕੇ ਲਿਆਏ ਹਾਂ ਤੇ ਇਕ ਹੋਰ ਮੋਟਰਸਾਈਕਲ ਜਿਹੜਾ ਅਸੀਂ ਕਪੂਰਥਲਾ ਤੋਂ ਚੋਰੀ ਕੀਤਾ ਸੀ, ਭੁਲੱਥ ਤੋਂ ਨਡਾਲਾ ਰੋਡ 'ਤੇ ਬਣੀ ਡਰੇਨ ਦੀ ਪੁਲੀ 'ਤੇ ਝਾੜੀਆਂ ਵਿਚ ਛੁਪਾ ਕੇ ਰੱਖਿਆ ਹੋਇਆ ਹੈ। ਜਿਹੜਾ ਇਨ੍ਹਾਂ ਦੋਵਾਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤਾ ਗਿਆ। ਐੱਸ. ਐੱਚ. ਓ. ਭੁਲੱਥ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।