ਮੋਤੀ ਮਹਿਲ ਨੂੰ ਘੇਰਨ ਜਾ ਰਹੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋਂ ਜ਼ੋਰਦਾਰ ਲਾਠੀਚਾਰਜ

03/28/2021 5:55:09 PM

ਪਟਿਆਲਾ (ਮਨਦੀਪ ਸਿੰਘ ਜੋਸਨ,ਇੰਦਰਜੀਤ ਬਖ਼ਸ਼ੀ) : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ 'ਤੇ ਅੱਜ ਮੋਤੀ ਮਹਿਲ ਨੂੰ ਘੇਰਨ ਮੌਕੇ ਪਟਿਆਲਾ ਪੁਲਸ ਨੇ ਜ਼ੋਰਦਾਰ ਲਾਠੀਚਾਰਜ ਕਰ ਦਿੱਤਾ। ਇਸ ਲਾਠੀਚਾਰਜ ਵਿੱਚ ਦੋ ਦਰਜਨ ਦੇ ਕਰੀਬ ਅਧਿਆਪਕ ਜ਼ਖ਼ਮੀ ਹੋ ਗਏ ਅਤੇ 200 ਦੇ ਕਰੀਬ ਅਧਿਆਪਕਾਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਕੇ ਹਲਕਾ ਸਨੌਰ ਅਧੀਨ ਪੈਂਦੇ ਦੇਵੀਗੜ੍ਹ ਅਤੇ ਭੁਨਰਹੇੜੀ ਥਾਣੇ ਵਿੱਚ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ:  ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਡੇਢ ਸਾਲ ਦੀ ਧੀ ਸਣੇ ਮਾਂ ਦੀ ਵੀ ਮੌਤ

ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜਿੱਥੇ ਸੰਗਰੂਰ ਵਿਖੇ ਡੀ.ਸੀ. ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਇਆ ਹੋਇਆ ਹੈ, ਉੱਥੇ ਪਿਛਲੇ 8 ਦਿਨਾਂ ਤੋਂ ਦੋ ਈ.ਟੀ.ਟੀ. ਟੈੱਟ ਪਾਸ ਦੋ ਅਧਿਆਪਕ ਲੀਲਾ ਭਵਨ ਨੇੜੇ ਟਾਵਰ 'ਤੇ ਚੜ੍ਹੇ ਹੋਏ ਹਨ। ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਅਸਫਲ ਰਹਿਣ ਤੋਂ ਬਾਅਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਇਨ੍ਹਾਂ ਅਧਿਆਪਕਾਂ ਨੇ ਅੱਜ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਰੋਸ ਮਾਰਚ ਕੀਤਾ ਸੀ ਪਰ ਪੁਲਸ ਨੇ ਇਨ੍ਹਾਂ ਨੂੰ ਵਾਈ.ਪੀ.ਐਸ. ਚੌਂਕ ਵਿਖੇ ਰੋਕ ਲਿਆ, ਜਿੱਥੇ ਕੁੱਝ ਦੇਰ ਧਰਨਾ ਦੇਣ ਤੋਂ ਬਾਅਦ ਜਦੋਂ ਇਨ੍ਹਾਂ ਅਧਿਆਪਕਾਂ ਨੇ ਬੈਰੀਕੇਟਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ 'ਤੇ ਪੁਲਸ ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਪਤਨੀ ਰਹਿੰਦੀ ਸੀ ਘਰੋ ਬਾਹਰ, ਪਿਓ ਨੇ ਆਪਣੀ 12 ਸਾਲਾ ਬੱਚੀ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ

ਇਸ ਮੌਕੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਨਿਰਾ ਤਸ਼ੱਦਦ ਕਰਨ 'ਤੇ ਉਤਰ ਆਈ ਹੈ। ਉਨ੍ਹਾਂ ਆਖਿਆ ਕਿ ਇੱਕ ਪਾਸੇ ਕੈ. ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਵੇਲੇ ਇਹ ਦਾਅਵਾ ਕੀਤਾ ਸੀ ਕਿ ਹਰ ਘਰ ਵਿੱਚ ਨੌਕਰੀ ਦਿੱਤੀ ਜਾਵੇਗੀ ਪਰ ਇਸਦੇ ਬਿਲਕੁੱਲ ਉਲਟ ਪੰਜਾਬ ਵਿੱਚ ਬੇਰੁਜ਼ਗਾਰੀ ਲਗਾਤਾਰ ਵਧੀ ਹੈ। ਉਨ੍ਹਾਂ ਆਖਿਆ ਕਿ ਇੱਥੇ ਪੜ੍ਹੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਨਹੀਂ ਹੈ ਤਾਂ ਬਾਕੀਆਂ ਦਾ ਕਿ ਹਾਲ ਹੋਵੇਗਾ।

ਇਹ ਵੀ ਪੜ੍ਹੋ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਲਾਇਆ ਮੌਤ ਨੂੰ ਗਲ

ਬੇਰੁਜ਼ਗਾਰਾਂ ਦੇ ਖੂਨ ਨਾਲ ਖੇਡੀ ਮੁੱਖ ਮੰਤਰੀ ਨੇ ਹੋਲੀ
ਇਸ ਮੌਕੇ ਅਧਿਆਪਕ ਯੂਨੀਅਨ ਦੇ ਹੋਰ ਨੇਤਾਵਾਂ ਨੇ ਆਖਿਆ ਕਿ ਹੋਲੀ ਦੇ ਤਿਉਹਾਰ 'ਤੇ ਅਸੀਂ ਰੁਜ਼ਗਾਰ ਮੰਗਣ ਆਏ ਸੀ ਪਰ ਮੁੱਖ ਮੰਤਰੀ ਨੇ ਰੰਗਾਂ ਦੀ ਥਾਂ ਪੁਲਸ ਨੂੰ ਹੁਕਮ ਦੇ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਖੂਨ ਨਾਲ ਹੋਲੀ ਖੇਡੀ ਹੈ। ਉਨ੍ਹਾਂ ਆਖਿਆ ਕਿ 6 ਤੋਂ ਵੱਧ ਅਧਿਆਪਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਦੇ ਹੱਥਾਂ ਅਤੇ ਲੱਤਾਂ ਵਿੱਚ ਫਰੈਕਚਰ ਤੱਕ ਆ ਗਏ ਹਨ।

ਉਨ੍ਹਾਂ ਆਖਿਆ ਕਿ ਅਸੀਂ ਪੁਲਸ ਦੇ ਇਸ ਤਸ਼ੱਦਦ ਤੋਂ ਡਰਨ ਵਾਲੇ ਨਹੀਂ। ਸਾਡੇ ਦੋ ਨੌਜਵਾਨ ਵੀਰ ਮੀਂਹ, ਹਨ੍ਹੇਰੀ ਧੁੱਪ ਨੂੰ ਝਲਦੇ ਹੋਏ 8 ਦਿਨ ਤੋਂ ਟਾਵਰ 'ਤੇ ਬੈਠੇ ਹਨ ਤੇ ਸੈਂਕੜੇ ਅਧਿਆਪਕ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲੱਗਾ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਬਿਨ੍ਹਾਂ ਸ਼ਰਤ ਸਮੁੱਚੇ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੂੰ ਨੌਕਰੀ 'ਤੇ ਨਹੀਂ ਰੱਖਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ: ਸਮਰਾਲਾ ’ਚ ਵੱਡੀ ਵਾਰਦਾਤ, 3 ਭੈਣਾਂ ਦੇ ਇਕਲੌਤੇ ਭਰਾ ਦਾ ਲੁਟੇਰੇ ਵਲੋਂ ਕਤਲ

Shyna

This news is Content Editor Shyna