ਬੱਚਾ ਚੁੱਕ ਪੈਦਲ ਬਜ਼ਾਰ ਜਾ ਰਹੀ ਮਾਂ ਨੂੰ ਕਾਰ ਚਾਲਕ ਨੇ ਮਾਰੀ ਫੇਟ, ਮਾਸੂਮ ਦੀ ਮੌਤ

05/10/2021 11:55:14 PM

ਭੋਗਪੁਰ, (ਰਾਜੇਸ਼ ਸੂਰੀ)- ਭੋਗਪੁਰ ਸ਼ਹਿਰ ਵਿਚ ਐਤਵਾਰ ਰਾਤ ਸਮੇਂ ਬਜ਼ਾਰ ਵਿਚ ਪੈਦਲ ਜਾ ਰਹੀ ਇਕ ਔਰਤ ਜਿਸ ਨੇ ਅਪਣਾ ਇਕ ਮਹੀਨੇ ਦਾ ਮਾਸੂਮ ਬੱਚਾ ਚੁੱਕਿਆ ਹੋਇਆ ਸੀ ਨੂੰ ਇਕ ਤੇਜ਼ ਰਫਤਾਰ ਕਾਰ ਵੱਲੋਂ ਫੇਟ ਮਾਰੇ ਜਾਣ ਕਾਰਨ ਮਾਸੂਮ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਐਤਵਾਰ ਰਾਤ ਸੱਤ ਵਜੇ ਦੇ ਕਰੀਬ ਭੋਗਪੁਰ ਸ਼ਹਿਰ ਦੇ ਮੁਹੱਲਾ ਅਦਰਸ਼ ਨਗਰ ਵਿਚ ਰਹਿਣ ਵਾਲੀ ਸੁਨੀਤਾ ਨਾਮੀ ਔਰਤ ਅਪਣੇ ਪਤੀ ਅਤੇ ਅਪਣੇ ਇਕ ਮਹੀਨੇ ਪਹਿਲਾਂ ਜਨਮੇ ਪੁੱਤਰ ਨਾਲ ਜਲੰਧਰ ਜੰਮੂ ਹਾਈਵੇ ਨਾਲ ਬਣੀ ਸਰਵਿਸ ਲੇਨ ਤੇ ਪੈਦਲ ਚਲਦੇ ਹੋਏ ਕਿਸੇ ਜਾਣਕਾਰ ਨੂੰ ਮਿਲਣ ਜਾ ਰਹੇ ਸਨ। ਇਸੇ ਦੌਰਾਨ ਸਰਵਿਸ ਲੇਨ ’ਤੇ ਭੋਗਪੁਰ ਵੱਲੋਂ ਇਕ ਤੇਜ ਰਫਤਾਰ ਕਾਰ ਆਈ ਜਿਸ ਨੇ ਸੁਨੀਤਾ ਨੂੰ ਫੇਟ ਮਾਰ ਦਿੱਤੀ ਅਤੇ ਕਾਰ ਚਾਲਕ ਕਾਰ ਲੈ ਕੇ ਜਲੰਧਰ ਵੱਲ ਨੂੰ ਫਰਾਰ ਹੋ ਗਿਆ। ਫੇਟ ਲੱਗਣ ਕਾਰਨ ਸੁਨੀਤਾ ਅਤੇ ਉਸ ਦਾ ਪੁੱਤਰ ਮਨਰਾਜ (ਇਕ ਮਹੀਨਾ) ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਦੀ ਅਵਾਜ ਸੁੱਣ ਕੇ ਲੋਕ ਇਕੱਠੇ ਹੋ ਗਏ ਅਤੇ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਦੀ ਐਂਬੂਲੈਂਸ ਹਾਦਸੇ ਵਾਲੀ ਥਾਂ 'ਤੇ ਪੁੱਜੀ ਅਤੇ ਜ਼ਖਮੀ ਮਾਂ ਪੁੱਤਰ ਨੂੰ ਜਲੰਧਰ ਭੇਜ ਦਿੱਤਾ ਗਿਆ। ਪੈਟਰੋ ਗੱਡੀ ਨੰਬਰ 16 ਦੇ ਮੁਲਾਜ਼ਮ ਰਣਧੀਰ ਸਿੰਘ ਅਤੇ ਸਤਨਾਮ ਸਿੰਘ ਵੱਲੋਂ ਤੁਰੰਤ ਭੋਗਪੁਰ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਭੋਗਪੁਰ ਪੁਲਸ ਵੱਲੋਂ ਥਾਣੇਦਾਰ ਪ੍ਰੇਮਜੀਤ ਸਿੰਘ ਨੇ ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਸੁਨੀਤਾ ਦੇ ਮਾਸੂਮ ਪੁੱਤਰ ਦੇ ਹਾਦਸੇ ਦੌਰਾਨ ਸਿਰ ਵਿਚ ਜਿਆਦਾ ਸੱਟ ਲੱਗਣ ਕਾਰਨ ਮੌਤ ਹੋ ਗਈ। ਮਿ੍ਰਤਕ ਮਾਸੂਮ ਦੇ ਪਰਿਵਾਰ ਨੇ ਕੋਈ ਵੀ ਪੁਲਸ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ। 

ਵਿਆਹ ਤੋਂ ਤਿੰਨ ਸਾਲ ਬਾਅਦ ਪੈਦੇ ਹੋਏ ਪੁੱਤਰ ਦੀ ਮੌਤ ਨਾਲ ਸੁੰਨੀ ਹੋਈ ਮਾਂ ਦੀ ਗੋਦ
 ਮਿ੍ਰਤਕ ਮਾਸੂਮ ਮਨਰਾਜ ਦੇ ਮਾਤਾ ਪਿਤਾ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਪੁੱਤਰ ਦੀ ਦਾਤ ਮਿਲੀ ਸੀ। ਐਤਵਾਰ ਰਾਤ ਸਮੇਂ ਭੋਗਪੁਰ ਵਿਚ ਇਕ ਕਾਰ ਚਾਲਕ ਦੀ ਤੇਜ਼ ਰਫਤਾਰੀ ਕਾਰਨ ਇਕ ਮਹੀਨੇ ਦੇ ਮਾਸੂਮ ਮਨਰਾਜ ਦੀ ਮੌਤ ਹੋ ਜਾਣ ਕਾਰਨ ਉਸ ਦੀ ਮਾਤਾ ਸੁਨੀਤਾ ਦੀ ਗੋਦ ਹੀ ਉੱਜੜ ਗਈ। ਪੁਲਸ ਵੱਲੋਂ ਕਾਰ ਚਾਲਕ ਦੀ ਪਛਾਣ ਲਈ ਹਾਦਸੇ ਵਾਲੀ ਥਾਂ ਦੇ ਆਸਪਾਸ ਲੱਗੇ ਸੀ. ਸੀ.ਟੀ.ਵੀ. ਕੈਮਰਿਆਂ ਦੀ ਵੀਡੀਓ ਫੁਟੇਜ਼ ਖੰਗਾਲੀ ਜਾ ਰਹੀ ਹੈ। ਸੂਤਰਾਂ ਅਨੁਸਾਰ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਭੋਗਪੁਰ ਨੇੜਲੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ। ਲੋਕਾਂ ਵਿਚ ਚਰਚਾ ਹੈ ਕਿ ਭੋਗਪੁਰ ਪੁਲਸ ਇਸ ਗਰੀਬ ਪਰਿਵਾਰ ਨਾਲ ਹੋਏ ਏਨੇ ਵੱਡੇ ਹਾਦਸੇ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕਰੇਗੀ। 

Bharat Thapa

This news is Content Editor Bharat Thapa