ਮਾਂ ਨੇ ਝਿੜਕਿਆ ਤਾਂ ਬੱਚਾ ਐਕਟਿਵਾ ''ਤੇ ਪੁੱਜਿਆ ਚੰਡੀਗੜ੍ਹ

01/19/2018 4:30:43 PM

ਚੰਡੀਗੜ੍ਹ (ਸੰਦੀਪ) : ਆਈ. ਟੀ. ਪਾਰਕ ਥਾਣੇ ਵਿਚ ਤਾਇਨਾਤ ਸਬ-ਇੰਸਪੈਕਟਰ ਦਇਆ ਰਾਮ ਮਾਨਸਾ ਦੇ ਰਹਿਣ ਵਾਲੇ ਰਾਜਵੰਤ ਤੇ ਕੁਲਦੀਪ ਕੌਰ ਲਈ ਕਿਸੇ ਫਰਿਸ਼ਤੇ ਤੋਂ ਘੱਟ ਸਾਬਿਤ ਨਹੀਂ ਹੋਏ ਹਨ। ਘਰੋਂ ਨਾਰਾਜ਼ ਹੋ ਕੇ ਭੱਜੇ 13 ਸਾਲ ਦੇ ਬੇਟੇ ਰਾਜ ਗਗਨ ਨੂੰ ਦਇਆ ਰਾਮ ਨੇ ਪਰਿਵਾਰ ਹਵਾਲੇ ਕਰ ਦਿੱਤਾ। ਵੀਰਵਾਰ ਸਵੇਰੇ 9ਵੀਂ ਜਮਾਤ ਵਿਚ ਪੜ੍ਹਨ ਵਾਲੇ ਰਾਜ ਗਗਨ ਦੇ ਮਾਤਾ-ਪਿਤਾ ਸਬ-ਇੰਸਪੈਕਟਰ ਵਲੋਂ ਬੁਲਾਉਣ 'ਤੇ ਚੰਡੀਗੜ੍ਹ ਪਹੁੰਚੇ ਤੇ ਆਪਣੇ ਬੇਟੇ ਨੂੰ ਨਾਲ ਲੈ ਕੇ ਚਲੇ ਗਏ। ਰਾਜ ਗਗਨ ਦੀ ਮਾਂ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਤੇ ਗਗਨ ਦੇ ਪਿਤਾ ਦੋਵੇਂ ਟੀਚਰ ਹਨ। ਬੁੱਧਵਾਰ ਦੁਪਹਿਰ ਡਿਊਟੀ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਗਗਨ ਨੂੰ ਝਿੜਕ ਦਿੱਤਾ, ਜਿਸ ਤੋਂ ਬਾਅਦ ਗਗਨ ਐਕਟਿਵਾ 'ਤੇ ਇਕ ਬੈਗ ਤੇ ਏ. ਟੀ. ਐੱਮ. ਲੈ ਕੇ ਚਲਾ ਗਿਆ। ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਉਸ ਨੂੰ ਬਹੁਤ ਲੱਭਿਆ ਪਰ ਉਹ ਨਹੀਂ ਮਿਲਿਆ ਤਾਂ ਇਸ ਦੀ ਸ਼ਿਕਾਇਤ ਮਾਨਸਾ ਥਾਣੇ ਵਿਚ ਦਿੱਤੀ। 
ਮਾਂ ਦੇ ਏ. ਟੀ. ਐੱਮ. ਕਾਰਡ ਰਾਹੀਂ ਕਢਵਾਏ ਸਨ 4 ਹਜ਼ਾਰ ਰੁਪਏ
ਰਾਜ ਗਗਨ ਨੇ ਦੱਸਿਆ ਕਿ ਉਸ ਨੇ ਘਰੋਂ ਜਾਣ ਤੋਂ ਬਾਅਦ ਮਾਂ ਦੇ ਏ. ਟੀ. ਐੱਮ. ਕਾਰਡ ਰਾਹੀਂ 4 ਹਜ਼ਾਰ ਰੁਪਏ ਕੱਢਵਾਏ ਤੇ ਐਕਟਿਵਾ 'ਤੇ ਪਟਿਆਲਾ ਪਹੁੰਚ ਗਿਆ। ਇਥੇ ਇਕ ਮਾਲ ਵਿਚ ਘੁੰਮਣ ਤੋਂ ਬਾਅਦ ਉਹ ਐਕਟਿਵਾ 'ਤੇ ਹੀ ਚੰਡੀਗੜ੍ਹ ਪਹੁੰਚ ਗਿਆ। ਇਥੇ ਰਾਤ ਢਾਈ ਵਜੇ ਉਹ ਰੇਲਵੇ ਲਾਈਟ ਪੁਆਇੰਟ 'ਤੇ ਪਹੁੰਚਿਆ ਤਾਂ ਦਇਆ ਰਾਮ ਨੇ ਉਸ ਨੂੰ ਰੋਕ ਕੇ ਪੁੱਛਿਆ ਤਾਂ ਉਸ ਨੇ ਸਾਰੀ ਕਹਾਣੀ ਸੁਣਾਈ। ਸਬ-ਇੰਸਪੈਕਟਰ ਦਇਆ ਰਾਮ ਨੇ ਦੱਸਿਆ ਕਿ ਰਾਤ ਢਾਈ ਵਜੇ ਉਹ ਰੇਲਵੇ ਲਾਈਟ ਪੁਆਇੰਟ 'ਤੇ ਸੜਕ ਹਾਦਸੇ ਦੀ ਸਪਾਟ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੇ ਤਾਂ ਦੇਖਿਆ ਕਿ ਇਕ ਬੱਚਾ ਐਕਟਿਵਾ 'ਤੇ ਸਵਾਰ ਸੀ ਤੇ ਲਾਈਟ ਪੁਆਇੰਟ 'ਤੇ ਰੁਕਿਆ ਹੋਇਆ ਸੀ। ਜਦੋਂ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਮਾਨਸਾ ਦਾ ਰਹਿਣ ਵਾਲਾ ਹੈ ਤੇ ਘਰੋਂ ਨਾਰਾਜ਼ ਹੋ ਕੇ ਆਇਆ ਹੈ। ਪੁਲਸ ਨੇ ਮਾਨਸਾ ਤੋਂ ਉਸ ਦੇ ਪਰਿਵਾਰ ਨੂੰ ਬੁਲਾ ਕੇ ਉਸ ਨੂੰ ਪਰਿਵਾਰ ਹਵਾਲੇ ਕਰ ਦਿੱਤਾ।