ਕਲਯੁਗੀ ਨੂੰਹ ਨੇ ਰਿਸ਼ਤੇ ਕੀਤੇ ਤਾਰ-ਤਾਰ, ਬੇਰਹਿਮੀ ਨਾਲ ਕਤਲ ਕਰਕੇ ਤੂੜੀ ਵਾਲੇ ਕਮਰੇ ''ਚ ਦੱਬੀ ਸੱਸ ਦੀ ਲਾਸ਼ (ਵੀਡੀਓ)

02/18/2017 7:17:41 PM

 ਢੇਰ (ਗੁਰਭਾਗ) : ਕਸਬਾ ਢੇਰ ਨਾਲ ਲੱਗਦੇ ਪਿੰਡ ਮਜਾਰੀ ਵਿਚ ਇਕ ਔਰਤ ਵੱਲੋਂ ਆਪਣੀ ਬਜ਼ੁਰਗ ਸੱਸ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਤੂੜੀ ਵਾਲੇ ਕਮਰੇ ''ਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਥਾਣਾ ਕੋਟ ਕਹਿਲੂਰ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਕਬਜ਼ੇ ''ਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਮਜਾਰੀ ''ਚ ਬਜ਼ੁਰਗ ਔਰਤ ਜਸਵੰਤ ਕੌਰ ਉਰਫ ਜੱਸ ਕੌਰ (80) ਆਪਣੀ ਨੂੰਹ ਕਮਲਜੀਤ ਕੌਰ ਪਤਨੀ ਮਹਿੰਦਰ ਸਿੰਘ ਨਾਲ ਰਹਿੰਦੀ ਸੀ। ਮ੍ਰਿਤਕ ਦੇ ਪੁੱਤਰ ਦੀ ਕਰੀਬ 7-8 ਮਹੀਨੇ ਪਹਿਲਾਂ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਮੁਤਾਬਕ ਸੱਸ-ਨੂੰਹ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਮੌਕੇ ''ਤੇ ਮੌਜੂਦ ਮ੍ਰਿਤਕਾ ਦੀ ਲੜਕੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੀ 11 ਤਰੀਕ ਤੋਂ ਲਾਪਤਾ ਸੀ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਉਸ ਨੇ ਆਪਣੀ ਮਾਤਾ ਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਕੋਟ ਕਹਿਲੂਰ ਪੁਲਸ ਨੂੰ ਦਿੱਤੀ ਸੀ।

ਕੀ ਕਹਿਣਾ ਹੈ ਡੀ. ਐੱਸ. ਪੀ. ਦਾ?
ਡੀ. ਐੱਸ. ਪੀ. ਬਲਦੇਵ ਦੱਤ ਨੇ ਦੱਸਿਆ ਕਿ ਬਜ਼ੁਰਗ ਔਰਤ ਜਸਵੰਤ ਕੌਰ ਉਰਫ ਜੱਸ ਕੌਰ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੱਕ ਹੋਣ ''ਤੇ ਮ੍ਰਿਤਕਾ ਦੀ ਨੂੰਹ ਕਮਲਜੀਤ ਕੌਰ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਨੇ ਆਪਣੀ ਸੱਸ ਦਾ ਕਤਲ ਕਰ ਕੇ ਲਾਸ਼ ਘਰ ''ਚ ਹੀ ਤੂੜੀ ਵਾਲੇ ਕਮਰੇ ''ਚ ਦੱਬ ਦਿੱਤੀ ਹੈ। ਪੁਲਸ ਨੇ ਕਥਿਤ ਦੋਸ਼ੀ ਨੂੰ ਨਾਲ ਲੈ ਕੇ ਮੈਜਿਸਟ੍ਰੇਟ ਨੈਣਾ ਦੇਵੀ ਸਤਪਾਲ ਦੀ ਹਾਜ਼ਰੀ ''ਚ ਦੱਬੀ ਲਾਸ਼ ਬਰਾਮਦ ਕਰ ਲਈ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਕਮਲਜੀਤ ਕੌਰ ਦੇ ਖਿਲਾਫ ਥਾਣਾ ਕੋਟ ਕਹਿਲੂਰ ''ਚ ਧਾਰਾ 302 ਅਤੇ 120 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਬਿਲਾਸਪੁਰ ਭੇਜ ਦਿੱਤਾ ਹੈ। ਇਸ ਮਾਮਲੇ ''ਚ ਹਰ ਪਹਿਲੂ ਨੂੰ ਧਿਆਨ ''ਚ ਰੱਖਦੇ ਹੋਏ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। 
 

Babita Marhas

This news is News Editor Babita Marhas